ਵਾਸ਼ਿੰਗਟਨ: ਅਮਰੀਕਾ ਦੇ ਹਾਊਸ ਆਫ ਡੈਮੋਕ੍ਰੇਟਸ ਨੇ ਮੰਗਲਵਾਰ ਨੂੰ ਅਹਿਮ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਹੀ ਸੈਂਕੜੇ ਅਜਿਹੇ ਕੱਚੇ ਪ੍ਰਵਾਸੀ ਵੀ ਆਪਣੀ ਨਾਗਰਿਕਤਾ ਹਾਸਲ ਕਰ ਸਕਦੇ ਹਨ, ਜਿਨ੍ਹਾਂ ਕੋਲ ਕੁਝ ਜ਼ਰੂਰੀ ਦਸਤਾਵੇਜ਼ ਨਹੀਂ ਹਨ। ਇਨ੍ਹਾਂ ਪ੍ਰਵਾਸੀਆਂ ਨੂੰ ਡਰੀਮਰਜ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਪਿਛਲੀ ਓਬਾਮਾ ਸਰਕਾਰ ਨੇ DACA ਪ੍ਰੋਗਰਾਮ ਤਹਿਤ ਕਈ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੁਰੱਖਿਆ ਦਿੱਤੀ ਸੀ।




ਉੱਧਰ, ਵ੍ਹਾਈਟ ਹਾਊਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਕਾਨੂੰਨ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਜਾਂਦਾ ਹੈ ਤਾਂ ਇਸ ਨੂੰ ਵੀਟੋ ਕਰ ਦਿੱਤਾ ਜਾਵੇਗਾ। ਸੈਨੇਟ 'ਤੇ ਦਬਦਬੇ ਵਾਲੇ ਰਿਪਬਲਿਕਨਜ਼ ਵੱਲੋਂ ਇਸ ਕਾਨੂੰਨ ਨੂੰ ਮਾਨਤਾ ਦੇਣ ਦੀ ਸੰਭਾਵਨਾ ਬੇਹੱਦ ਘੱਟ ਹੈ। ਡੈਮੋਕ੍ਰੈਟਸ ਨੇ ਡਰੀਮਰਜ਼ ਲਈ ਨਾਗਰਿਕਤਾ ਪ੍ਰਦਾਨ ਕਰਨ ਵਾਲੇ ਇਸ ਬਿੱਲ ਨੂੰ 237 ਵਿੱਚੋਂ 187 ਵੋਟਾਂ ਨਾਲ ਪਾਸ ਕਰ ਦਿੱਤਾ ਹੈ।

ਹਾਊਸ ਦੀ ਸਪੀਕਰ ਨੈਨਸੀ ਪਲੋਸੀ ਨੇ ਬਿੱਲ 'ਤੇ ਬਹਿਸ ਦੌਰਾਨ ਕਿਹਾ ਕਿ ਸਾਡੇ ਕੋਲ ਇਤਿਹਾਸ ਦਾ ਹਿੱਸਾ ਬਣਨ ਦਾ ਮੌਕਾ ਹੈ, ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਡਰੀਮਰਜ਼ ਨੂੰ ਮੱਤਦਾਨ ਦੇ ਕੇ ਉਨ੍ਹਾਂ ਦੇ ਮੁੱਲ ਨੂੰ ਪਛਾਣਨਾ ਹੈ। ਡਰੀਮਰਜ਼ ਅਜਿਹੇ ਲੋਕ ਹਨ ਜੋ ਆਪਣੇ ਮਾਪਿਆਂ ਨਾਲ ਅਮਰੀਕਾ ਵਿੱਚ ਗ਼ੈਰ ਕਾਨੂੰਨੀ ਰੂਪ ਵਿੱਚ ਆਏ ਸਨ ਤੇ ਇੱਥੇ ਕੰਮ ਕਰਨ ਦੇ ਬਾਵਜੂਦ ਨਾਗਰਿਕਤਾ ਹਾਸਲ ਨਹੀਂ ਕਰ ਸਕਦੇ। ਅੰਦਾਜ਼ੇ ਮੁਤਾਬਕ ਅਮਰੀਕਾ ਵਿੱਚ ਤਕਰੀਬਨ 25 ਲੱਖ ਲੋਕ ਅਜਿਹੇ (ਡਰੀਮਰਜ਼) ਹਨ।