ਸਸਕੈਚਵਿਨ: ਹੰਬੋਲਟ ਬਰੌਂਕਸ ਬੱਸ ਕਰੈਸ਼ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਗਿਆ। ਹਾਦਸੇ ਲਈ ਜ਼ਿੰਮੇਵਾਰ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਨੂੰ 8 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਿੱਧੂ ਨੂੰ ਹਰ ਬੰਦੇ ਦੀ ਮੌਤ 8 ਸਾਲ ਤੇ ਹਰ ਜ਼ਖ਼ਮੀ ਲਈ 5 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਨਾਲ-ਨਾਲ ਚੱਲੇਗੀ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਏਗਾ।
ਇਹ ਫੈਸਲਾ ਸਸਕੈਚਵਿਨ ਦੀ ਅਦਾਲਤ ਵਿੱਚ ਸੁਣਾਇਆ ਗਿਆ। ਸਿੱਧੂ ਨੇ ਖਤਰਨਾਕ ਡਰਾਈਵਿੰਗ ਸਬੰਧੀ ਖ਼ੁਦ ’ਤੇ ਲੱਗੇ 29 ਇਲਜ਼ਾਮ ਕਬੂਲ ਲਏ ਸਨ। ਇਹ ਹਾਦਸਾ ਪਿਛਲੇ ਸਾਲ ਅਪ੍ਰੈਲ ‘ਚ ਸਸਕੈਚਵਨ ਦੇ ਪਿੰਡ ਨੇੜੇ ਹੋਇਆ ਸੀ। ਇਸ ਹਾਦਸੇ ‘ਚ 16 ਲੋਕ ਮਾਰੇ ਗਏ ਸਨ ਤੇ ਜੂਨੀਅਰ ਹਾਕੀ ਟੀਮ ਦੇ 13 ਹੋਰ ਮੈਂਬਰ ਵੀ ਜ਼ਖ਼ਮੀ ਹੋਏ ਸੀ।
ਸਰਕਾਰੀ ਵਕੀਲ ਨੇ ਸਿੱਧੂ ਲਈ 10 ਸਾਲ ਦੀ ਸਜ਼ੀ ਦੀ ਮੰਗ ਕੀਤੀ ਸੀ, ਜਦਕਿ ਸਿੱਧੂ ਦੇ ਵਕੀਲ ਨੇ ਡੇਢ ਤੋਂ ਸਾਡੇ ਚਾਰ ਸਾਲ ਦੀ ਸਜ਼ਾ ਦੀ ਮੰਗ ਉਠਾਈ ਸੀ। ਧਿਆਨ ਰਹੇ ਅਦਾਲਤ ਵਿੱਚ ਸੁਣਵਾਈ ਦੌਰਾਨ ਸਾਹਮਣੇ ਆਇਆ ਸੀ ਕਿ, ਸੈਮੀ-ਟਰੱਕ ਚਾਲਕ, ਜਸਕੀਰਤ ਸਿੰਘ ਸਿੱਧੂ ਜਿਸ ਟਰੱਕ ਨੂੰ ਚਲਾ ਰਹੇ ਸਨ, ਉਹ ਲਾਲ ਬੱਤੀ ਦੇ ਚੱਲਦਿਆਂ ਇੱਕ ਸਟੌਪ ਸਾਈਨ ਨੂੰ ਟੱਪ ਕੇ ਇੰਟਰਸੈਕਸ਼ਨ ਵਿੱਚ ਦਾਖ਼ਲ ਹੋ ਗਿਆ ਸੀ। ਇਸੇ ਦੌਰਾਨ ਹੰਬੋਲਟ ਬਰੌਂਕਸ ਕਰੈਸ਼ ਵਾਪਰਿਆ।
ਇਹ ਵੀ ਸਾਹਮਣੇ ਆਇਆ ਸੀ ਕਿ ਬਰੌਂਕਸ ਜੂਨੀਅਰ ਹਾਕੀ ਟੀਮ ਬੱਸ ਦੇ ਚਾਲਕ ਨੇ ਬਰੇਕਾਂ ਲਾਈਆਂ ਤੇ ਬੱਸ ਕਰੀਬ 24 ਮੀਟਰ ਤਕ ਫਿਸਲ ਗਈ। ਹਾਦਸਾ ਵਾਪਰਨ ਸਮੇਂ ਬੱਸ ਦੀ ਰਫਤਾਰ ਕਰੀਬ 96 ਤੋਂ 107km ਪ੍ਰਤੀ ਘੰਟਾ ਸੀ। ਸਰਕਾਰੀ ਵਕੀਲ ਨੇ ਆਖਿਆ ਸੀ ਕਿ ਬੱਸ ਚਾਲਕ ਕਿਸੇ ਵੀ ਤਰ੍ਹਾਂ ਇਹ ਹਾਦਸਾ ਰੋਕ ਨਹੀਂ ਸਕਦਾ ਸੀ ਕਿਉਂਕਿ ਟਰਾਂਸਪੋਰਟ ਟਰੱਕ ਪੂਰੀ ਤਰ੍ਹਾਂ ਇੰਟਰਸੈਕਸ਼ਨ ਵਿੱਚ ਆ ਗਿਆ ਸੀ ਤੇ ਉਸਨੇ ਸਾਰੀਆਂ ਲੇਨਜ਼ ਕਵਰ ਕਰ ਲਈਆਂ ਸਨ।
ਇਸ ਹਾਦਸੇ ਵਿੱਚ ਕੁੱਲ 16 ਜਣੇ ਮਾਰੇ ਗਏ ਸਨ, ਜਦਕਿ 13 ਜ਼ਖ਼ਮੀ ਹੋ ਗਏ ਸਨ। ਯਾਦ ਰਹੇ ਸਿੱਧੂ ਨੇ ਪਹਿਲਾਂ ਹੀ ਇਸ ਘਟਨਾ ਬਾਰੇ ਆਪਣੇ ਇਲਜ਼ਾਮ ਕਬੂਲ ਲਏ ਸਨ। ਇਸ ਮਾਮਲੇ ਵਿੱਚ ਸਜ਼ਾ ਸੁਣਾਏ ਜਾਣਾ ਬਾਕੀ ਸੀ ਜਿਸਦੇ ਬਾਰੇ ਕੋਰਟ ਨੇ ਸ਼ਨੀਵਾਰ ਨੂੰ ਫੈਸਲਾ ਸੁਣਾ ਦਿੱਤਾ ਹੈ।