ਵਾਸ਼ਿੰਗਟਨ: ਭਾਰਤੀ ਤਕਨੀਕੀ ਹੁਨਰਮੰਦਾਂ ਵਿੱਚ ਪ੍ਰਚਲਿਤ ਐਚ-1ਬੀ ਵੀਜ਼ਾ 'ਤੇ ਰੋਕਾਂ ਲਾਉਣ ਵਾਲੀ ਫਾਈਲ ਆਖ਼ਰ ਵ੍ਹਾਈਟ ਹਾਊਸ ਕੋਲ ਪਹੁੰਚ ਗਈ ਹੈ। ਇਸ ਦੇ ਪਾਸ ਹੋਣ 'ਤੇ ਐਚ-1ਬੀ ਵੀਜ਼ਾ ਤਹਿਤ ਵੀਜ਼ਾ ਧਾਰਕ ਦੇ ਪਤੀ-ਪਤਨੀ ਨੂੰ ਮਿਲਣ ਵਾਲੇ ਕੰਮਕਾਜ ਦੇ ਹੱਕ ਖੁੱਸ ਸਕਦੇ ਹਨ।
ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਤਕਰੀਬਨ 90,000 ਭਾਰਤੀਆਂ ਨੂੰ ਪ੍ਰਭਾਵਿਤ ਕਰੇਗਾ, ਜਿਨ੍ਹਾਂ ਵਿੱਚ ਬਹੁਗਿਣਤੀ ਔਰਤਾਂ ਦੀ ਹੋਵੇਗੀ। ਜ਼ਿਆਦਾਤਰ ਐਚ-1ਬੀ ਵੀਜ਼ਾ ਧਾਰਕ ਭਾਰਤੀ ਮਰਦਾਂ ਦੀਆਂ ਪਤਨੀਆਂ ਅਮਰੀਕਾ ਵਿੱਚ ਕਾਨੂੰਨੀ ਤੌਰ 'ਤੇ ਕੰਮ ਕਰਨ ਲਈ ਵੀਜ਼ੇ ਤਹਿਤ ਜਾਰੀ ਹੁੰਦੇ ਵਿਸ਼ੇਸ਼ ਵਰਕ ਪਰਮਿਟ 'ਤੇ ਨਿਰਭਰ ਸਨ।
ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਵਿਰੁੱਧ ਕਈ ਕਾਰੋਬਾਰੀ ਤੇ ਸਿਆਸਤਦਾਨ ਵੀ ਨਿੱਤਰ ਆਏ ਹਨ। ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਤੇ ਸਿਲਿਕਾਨ ਵੈਲੀ ਦੀਆਂ ਕੰਪਨੀਆਂ ਮੁਤਾਬਕ ਸਰਕਾਰ ਦਾ ਇਹ ਕਦਮ ਔਰਤ ਵਿਰੋਧੀ ਹੈ। ਉਨ੍ਹਾਂ ਦਾ ਤਰਕ ਹੈ ਕਿ ਅਜਿਹਾ ਕਰਨ ਨਾਲ ਤਕਨੀਕੀ ਮਾਹਰ ਐਚ-1ਬੀ ਵੀਜ਼ਾ ਧਾਰਕ ਦੇ ਹੁਨਰ ਨੂੰ ਵਧਣ ਫੁੱਲਣ ਦੇ ਰਾਹ ਵਿੱਚ ਰੋੜਾ ਹੈ। ਉੱਧਰ, ਵ੍ਹਾਈਟ ਹਾਊਸ ਵੀ ਰੋਕ ਲਾਉਣ ਤੋਂ ਪਹਿਲਾਂ ਕਈ ਏਜੰਸੀਆਂ ਤੋਂ ਵਿਚਾਰ ਮੰਗੇਗਾ।