ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਟਰੰਪ ਪ੍ਰਸ਼ਾਸਨ ਦੀ ਇਕਤਰਫਾ ਮੰਗਾਂ ਨੂੰ ਨਹੀਂ ਮੰਨੇਗੀ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੌਂਪੀਓ ਦੀ ਪਾਕਿਸਤਾਨ ਯਾਤਰਾ ਤੋਂ ਪਹਿਲਾਂ ਮੀਡੀਆ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ।


ਦ ਐਕਸਪ੍ਰੈਸ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖ਼ਾਨ ਨੇ ਆਪਸੀ ਸਨਮਾਨ ਦੇ ਆਧਾਰ 'ਤੇ ਅਮਰੀਕਾ ਨਾਲ ਦੋ ਪੱਖੀ ਸਬੰਧਾਂ ਨੂੰ ਬੜਾਵਾ ਦੇਣ ਦੀ ਉਨ੍ਹਾਂ ਦੀ ਪ੍ਰਸ਼ਾਸਨ ਦੀ ਨੀਤੀ ਨੂੰ ਦੁਹਰਾਇਆ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਪੌਂਪੀਓ ਪੰਜ ਸਤੰਬਰ ਨੂੰ ਇਸਲਾਮਾਬਾਦ ਪਹੁੰਚਣਗੇ।


ਇਮਰਾਨ ਨੇ ਕਿਹਾ ਕਿ ਦੇਸ਼ ਰਾਜਨੀਤਿਕ ਹੱਲ ਤਲਾਸ਼ ਰਿਹਾ ਹੈ। ਇਸ ਤਹਿਤ ਉਹ ਅਮਰੀਕਾ ਨਾਲ ਮਿੱਤਰਤਾ ਨਿਭਾਉਣਗੇ ਪਰ ਇਸ ਦੀ ਸ਼ਰਤ ਸ਼ਾਂਤੀ ਹੋਵੇਗੀ। ਪਾਕਿਸਤਾਨ ਬਹੁਤ ਯੁੱਧ ਕਰ ਚੁੱਕਾ ਹੈ ਤੇ ਹੁਣ ਵੇਲਾ ਸ਼ਾਂਤੀ ਨੂੰ ਮੌਕਾ ਦੇਣ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਾਂਤੀ ਦੀ ਮੰਗ ਕਰਨਾ ਅਮਰੀਕਾ ਦੇ ਖਿਲਾਫ ਹੈ ਤਾਂ ਇਹ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਜਦੋਂ ਤੱਕ ਤੁਸੀਂ ਉਹ ਨਹੀਂ ਕਰਦੇ ਜੋ ਅਮਰੀਕਾ ਚਾਹੁੰਦਾ ਹੈ ਤਾਂ ਤੁਸੀਂ ਅਮਰੀਕਾ ਵਿਰੋਧੀ ਅਖਵਾਉਂਦੇ ਹੋ।


ਇਮਰਾਨ ਨੇ ਅਮਰੀਕਾ ਨਾਲ ਪਾਕਿਸਤਾਨ ਨੂ ਲੈਕੇ ਉਸਦੇ ਰੁਖ 'ਚ ਬਦਲਾਅ ਦੀ ਮੰਗ ਕੀਤੀ ਤੇ ਕਿਹਾ ਕਿ ਅਮਰੀਕਾ ਨੂੰ ਪਾਕਿਸਤਾਨ ਨਾਲ ਹੁਣ ਇਕ ਦੋਸਤ ਜਿਹਾ ਵਤੀਰਾ ਕਰਨਾ ਚਾਹੀਦਾ ਹੈ ਨਾ ਕਿ ਕਲਾਇੰਟ ਸਟੇਟ ਦੀ ਤਰ੍ਹਾਂ। ਕਲਾਇੰਟ ਸਟੇਟ ਉਹ ਦੇਸ਼ ਹੁੰਦਾ ਹੈ ਜੋ ਦੂਜੇ ਦੇਸ਼ ਦੇ ਕਰਜ਼ 'ਚ ਡੁੱਬ ਕੇ ਉਸਦੀਆਂ ਗੱਲਾਂ ਮੰਨਣ ਲਈ ਮਜ਼ਬੂਰ ਹੋ ਜਾਂਦਾ ਹੈ। ਇਮਰਾਨ ਨੇ ਕਿਹਾ ਕਿ ਅਮਰੀਕਾ ਨੂੰ ਪਾਕਿਸਤਾਨ ਨੂੰ ਸੁਪਾਰੀ ਕਿੱਲਰ ਦੀ ਤਰ੍ਹਾਂ ਸਮਝਣਾ ਬੰਦ ਕਰਨਾ ਚਾਹੀਦਾ ਹੈ।