ਵਿਏਨਾ: ਵਿਸ਼ਵ ਸ਼ਕਤੀਆਂ ਨਾਲ ਹੋਏ ਪਰਮਾਣੂ ਸਮਝੌਤੇ ਦੇ ਨਿਯਮਾਂ ’ਤੇ ਇਰਾਨ ਹਾਲੇ ਵੀ ਕਾਇਮ ਹੈ। ਪਰਮਾਣੂ ਮਾਮਲਿਆਂ ’ਤੇ ਨਜ਼ਰ ਰੱਖਣ ਵਾਲੀ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ। ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (IAEA) ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਇਰਾਨ ਜੁਆਇੰਟ ਕੰਪਰਹੈਂਸਿਵ ਪਲਾਨ ਆਫ ਐਕਸ਼ਨ (JCPOA), 2015 ਦੇ ਮੁੱਖ ਮਾਣਕਾਂ ਦਾ ਹੁਣ ਵੀ ਪਾਲਣ ਕਰ ਰਿਹਾ ਹੈ।

ਇਹ ਰਿਪੋਰਟ ਇਸ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਮਝੌਤੇ ਤੋਂ ਕਿਨਾਰਾ ਕਰਨ ਦਾ ਫੈਸਲਾ ਲਿਆ ਹੈ। ਟਰੰਪ ਨੇ ਮਈ ਵਿੱਚ ਇਸ ਸਮਝੌਤੇ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਇਰਾਨ ’ਤੇ ਪਾਬੰਧੀ ਲਾ ਦਿੱਤੀ ਸੀ ਜਿਸ ਨਾਲ ਇਰਾਨ ਦੀ ਅਰਥ ਵਿਵਸਥਾ ’ਤੇ ਬਹੁਤ ਮਾੜਾ ਅਸਰ ਪਿਆ ਹੈ।

ਯੂਐਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਈ ’ਚ ਆਈ ਰਿਪੋਰਟ ਦੇ ਮੁਕਾਬਲੇ ਇਰਾਨ ਵਿੱਚ ਯੂਰੇਨੀਅਮ ਤੇ ਭਾਰੇ ਪਾਣੀ ਦੀ ਮਾਤਰਾ ਵਧੀ ਹੈ ਪਰ ਇਹ ਸਮਝੌਤੇ ਵਿੱਚ ਤੈਅ ਮਾਤਰਾ ਦੇ ਅੰਦਰ ਹੀ ਹੈ।

ਯਾਦ ਰਹੇ ਕਿ 2015 ’ਚ ਹੋਏ ਸਮਝੌਤੇ ਮੁਤਾਬਕ ਇਰਾਨ ਆਪਣਾ ਯੂਰੇਨੀਅਮ ਭੰਡਾਰ ਕੇਵਲ 3.67 ਫੀਸਦੀ ਤਕ ਹੀ ਵਧਾ ਸਕਦਾ ਹੈ। ਜਦਕਿ ਇੱਕ ਪਰਮਾਣੂ ਹਥਿਆਰ ਬਣਾਉਣ ਲਈ ਤਕਰੀਬਨ 90 ਫੀਸਦੀ ਯੂਰੇਨੀਅਮ ਦੀ ਲੋੜ ਹੁੰਦੀ ਹੈ।

ਇਸੇ ਦੌਰਾਨ ਇਰਾਨ ਦੇ ਲੀਡਰ ਆਇਤੁੱਲਾ ਅਲੀ ਖ਼ਾਮੇਨਈ ਨੇ ਕਿਹਾ ਕਿ ਜੇ JCPOA ਸਾਡੇ ਹਿੱਤ ਵਿੱਚ ਨਹੀਂ ਤਾਂ ਤਹਿਰਾਨ ਇਸ ਨੂੰ ਖਾਰਜ ਕਰਨ ਲਈ ਨਹੀਂ ਹਿਚਕੇਗਾ। ਹਾਲਾਂਕਿ ਖ਼ਾਮੇਨਈ ਨੇ ਕਿਹਾ ਕਿ ਉਹ ਯੂਰਪੀਅਨ ਰਾਜਾਂ ਨਾਲ ਗੱਲਬਾਤ ਜਾਰੀ ਰੱਖਣਗੇ।