ਮਨੀਲਾ: ਫਿਲੀਪੀਨਸ ਦੇ ਰਾਸ਼ਟਰਪਤੀ ਰਾਡ੍ਰਿਗੋ ਡੂਟਰਟ ਨੇ ਬਹੁਤ ਅਜੀਬੋ ਗਰੀਬ ਬਿਆਨ ਦਿੱਤਾ ਹੈ। ਉਨ੍ਹਾਂ ਨੂੰ ਜਦੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਗ੍ਰਹਿ ਨਗਰ 'ਚ ਬਲਾਤਕਾਰ ਦੇ ਸਭ ਤੋਂ ਜ਼ਿਆਦਾ ਮਾਮਲੇ ਦਰਜ ਹੋਏ ਤਾਂ ਉਨ੍ਹਾਂ ਇਹ ਕਹਿੰਦੇ ਹੋਏ ਬੇਹੁਦਾ ਮਜ਼ਾਕ ਬਣਾ ਦਿੱਤਾ ਕਿ ਸ਼ਹਿਰ 'ਚ ਐਨੇ ਰੇਪ ਇਸ ਲਈ ਹੁੰਦੇ ਹਨ ਕਿਉਂਕਿ ਉੱਥੇ ਖੂਬਸੂਰਤ ਮਹਿਲਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।


ਅਮਰੀਕੀ ਮੀਡੀਆ ਸੀਐਨਐਨ 'ਚ ਛਪੀ ਰਿਪੋਰਟ ਮੁਤਾਬਕ ਉਨ੍ਹਾਂ ਆਪਣੇ ਭਾਸ਼ਣ ਦੌਰਾਨ ਕਿਹਾ ਲੋਕ ਕਹਿੰਦੇ ਹਨ ਕਿ ਦਬਾਓ 'ਚ ਬਹੁਤ ਜ਼ਿਆਦਾ ਰੇਪ ਹੁੰਦਾ ਹੈ। ਫਿਲੀਪੀਨਸ ਪੁਲਿਸ ਦੇ ਤਾਜ਼ਾ ਅੰਕੜਿਆਂ ਮੁਤਾਬਕ ਦਬਾਓ ਉਹ ਸ਼ਹਿਰ ਹੈ ਜਿੱਥੇ 2018 ਦੀ ਪਹਿਲੀ ਤਿਮਾਹੀ 'ਚ ਸਭ ਤੋਂ ਵੱਧ 42 ਰੇਪ ਦੀਆਂ ਘਟਨਾਵਾਂ ਹੋਈਆਂ ਹਨ।


ਜ਼ਿਕਰਯੋਗ ਹੈ ਕਿ ਔਰਤਾਂ 'ਤੇ ਟਿੱਪਣੀਆਂ ਨੂੰ ਲੈ ਕੇ ਰਾਡ੍ਰਿਗੋ ਦੀ ਅਕਸਰ ਆਲੋਚਨਾ ਹੁੰਦੀ ਰਹਿੰਦੀ ਹੈ। ਇੱਥੋਂ ਤੱਕ ਕਿ ਇੱਕ ਵਾਰ ਉਨ੍ਹਾਂ ਨੇ ਮਹਿਲਾ ਕਮਿਊਨਿਸਟ ਵਿਦਰੋਹੀਆਂ ਦੇ ਪ੍ਰਾਈਵੇਟ ਪਾਰਟ 'ਚ ਗੋਲੀ ਮਾਰੇ ਜਾਣ ਦੀ ਗੱਲ ਕਹੀ ਸੀ। ਹਾਲ ਹੀ 'ਚ ਮਹਿਲਾਵਾਂ ਦੇ ਸਮੂਹ 'ਗੇਬ੍ਰਿਐਲ' ਨੇ ਉਨ੍ਹਾਂ ਨੂੰ ਇਹ ਕਹਿੰਦਿਆਂ ਆਲੋਚਨਾ ਕੀਤੀ ਸੀ ਕਿ ਉਹ ਆਪਣੇ ਅਹੁਦੇ ਦਾ ਇਸਤੇਮਾਲ ਹਰ ਤਰ੍ਹਾਂ ਮਹਿਲਾਵਾਂ ਨੂੰ ਨੀਚਾ ਦਿਖਾਉਣ 'ਤੇ ਉਨ੍ਹਾਂ ਦਾ ਫਾਇਦਾ ਉਠਾਉਣ ਲਈ ਕਰਦੇ ਆਏ ਹਨ।