Imran Khan Reaction: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੀ ਰੈਲੀ ਨੂੰ ਸਫਲ ਬਣਾਇਆ। ਇਮਰਾਨ ਖਾਨ ਨੇ ਕਿਹਾ ਕਿ ਸਾਡੇ ਇਤਿਹਾਸ 'ਚ ਕਦੇ ਵੀ ਇੰਨੀ ਸਵੈ-ਇੱਛਾ ਨਾਲ ਅਤੇ ਇੰਨੀ ਗਿਣਤੀ 'ਚ ਭੀੜ ਸਾਹਮਣੇ ਨਹੀਂ ਆਈ।

ਦੱਸ ਦੇਈਏ ਕਿ ਪੀਟੀਆਈ ਨੇ ਐਤਵਾਰ ਨੂੰ ਪਾਕਿਸਤਾਨ ਦੇ ਕਈ ਸ਼ਹਿਰਾਂ 'ਚ ਰੈਲੀਆਂ ਕੀਤੀਆਂ ਸਨ। ਪਾਰਟੀ ਦੀ ਇਹ ਰੈਲੀ ਇਮਰਾਨ ਖਾਨ ਦੇ ਸਮਰਥਨ 'ਚ ਕੱਢੀ ਗਈ ਸੀ। ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਵੱਲੋਂ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ, ਜਿਸ ਵਿੱਚ ਇਮਰਾਨ ਖਾਨ ਦੀ ਸਰਕਾਰ ਹਾਰ ਗਈ ਸੀ। ਸੱਤਾ ਹੁਣ ਇਮਰਾਨ ਖਾਨ ਦੇ ਹੱਥੋਂ ਚਲੀ ਗਈ ਹੈ। PML(N) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਹੁਣ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ।





ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤੇ ਦੌਰਾਨ ਇਮਰਾਨ ਖ਼ਾਨ ਨੂੰ ਭਾਵੇਂ ਲੋੜੀਂਦੇ ਵੋਟ ਨਾ ਮਿਲੇ ਹੋਣ ਪਰ ਅਸੈਂਬਲੀ ਦੇ ਬਾਹਰ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਉਨ੍ਹਾਂ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਦਾ ਦੇਖਿਆ ਗਿਆ। ਉਨ੍ਹਾਂ ਦੀ ਬੇਦਖਲੀ ਵਿਰੁੱਧ ਲੋਕ ਸੜਕਾਂ 'ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵੱਡੀ ਸੀ। ਇਸ ਵਿੱਚ ਨੌਜਵਾਨ, ਬਜ਼ੁਰਗ, ਔਰਤਾਂ ਹਰ ਵਰਗ ਦੇ ਲੋਕ ਸ਼ਾਮਲ ਹੋਏ। ਐਤਵਾਰ ਨੂੰ ਕਈ ਸ਼ਹਿਰਾਂ 'ਚ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ 'ਚ ਪ੍ਰਦਰਸ਼ਨਕਾਰੀ ਇਮਰਾਨ ਖਾਨ ਦੇ ਸਮਰਥਨ 'ਚ ਨਾਅਰੇਬਾਜ਼ੀ ਕਰ ਰਹੇ ਸਨ।

ਰਿਪੋਰਟ ਮੁਤਾਬਕ ਇਮਰਾਨ ਖਾਨ ਦੇ ਸਮਰਥਕਾਂ ਨੇ ਐਤਵਾਰ ਨੂੰ ਇਸਲਾਮਾਬਾਦ, ਪੇਸ਼ਾਵਰ, ਕਰਾਚੀ ਤੇ ਲਾਹੌਰ ਵਰਗੇ ਸ਼ਹਿਰਾਂ 'ਚ ਸੜਕ 'ਤੇ ਰੈਲੀਆਂ ਕੱਢੀਆਂ। ਇਸ ਦੌਰਾਨ ਉਨ੍ਹਾਂ ਇਮਰਾਨ ਦੇ ਸਮਰਥਨ 'ਚ ਅਤੇ ਵਿਰੋਧੀ ਧਿਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਬੈਨਰ ਅਤੇ ਪੋਸਟਰ ਵੀ ਚੁੱਕੇ ਹੋਏ ਸਨ। ਇਹ ਲੋਕ ਇਮਰਾਨ ਨੂੰ ਸੱਤਾ ਤੋਂ ਹਟਾਉਣ ਨੂੰ ਗਲਤ ਦੱਸ ਰਹੇ ਸਨ।