National Assembly of Pakistan to Elect New Prime Minister Today


Pakistan Political Crisis: ਪਾਕਿਸਤਾਨ ਨੂੰ ਅੱਜ ਨਵੇਂ ਪ੍ਰਧਾਨ ਮੰਤਰੀ ਮਿਲ ਸਕਦੇ ਹਨ। ਇਮਰਾਨ ਖ਼ਾਨ ਨੂੰ ਸੱਤਾ ਤੋਂ ਬਾਹਰ ਕਰਨ ਮਗਰੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦਾ ਨਵਾਂ ਆਗੂ ਚੁਣਨ ਦਾ ਅਮਲ ਸ਼ੁਰੂ ਹੋ ਗਿਆ ਹੈ। ਅੱਜ ਕੌਮੀ ਅਸੈਂਬਲੀ ਦੇ ਵਿਸ਼ੇਸ਼ ਇਜਲਾਸ ਦੌਰਾਨ ਨਵੇਂ ਆਗੂ ਦੀ ਚੋਣ ਕੀਤੀ ਜਾਵੇਗੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐਮਐਲ-ਐਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਹੈ।


ਪਾਕਿਸਤਾਨ ਦੀ ਸਾਂਝੀ ਵਿਰੋਧੀ ਧਿਰ ਨੇ 70 ਸਾਲਾ ਸ਼ਾਹਬਾਜ਼ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ ਜਦੋਂਕਿ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਉਨ੍ਹਾਂ ਦੇ ਮੁਕਾਬਲੇ ਵਿੱਚ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਮਰਾਨ ਖ਼ਾਨ ਦੇ ਜਾਨਸ਼ੀਨ ਦੀ ਚੋਣ ਅੱਜ ਕੌਮੀ ਅਸੈਂਬਲੀ ਵਿੱਚ ਹੋਵੇਗੀ। ਇਸ ਦੌਰਾਨ ਕੌਮੀ ਅਸੈਂਬਲੀ ਸਕੱਤਰੇਤ ਨੇ ਪੀਟੀਆਈ ਵੱਲੋਂ ਦਾਇਰ ਇਤਰਾਜ਼ਾਂ ਨੂੰ ਖਾਰਜ ਕਰਦਿਆਂ ਸ਼ਾਹਬਾਜ਼ ਤੇ ਉਸ ਦੇ ਰਵਾਇਤੀ ਵਿਰੋਧੀ ਕੁਰੈਸ਼ੀ ਨੂੰ ਚੋਣ ਲੜਨ ਦੀ ਪ੍ਰਵਾਨਗੀ ਦੇ ਦਿੱਤੀ ਹੈ।


ਚੋਣ ਅਮਲ ਪੂਰਾ ਕਰਨ ਲਈ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਨਵਾਂ ਪ੍ਰਧਾਨ ਮੰਤਰੀ ਬਣਨ ਲਈ ਉਮੀਦਵਾਰ ਨੂੰ 342 ਮੈਂਬਰੀ ਅਸੈਂਬਲੀ ਵਿੱਚ 172 ਵੋਟਾਂ ਲੋੜੀਂਦੀਆਂ ਹਨ। ਦੇਸ਼ ਦੇ ਮੌਜੂਦਾ ਸਿਆਸੀ ਘਟਨਾਕ੍ਰਮ ਨੂੰ ਵੇਖਦਿਆਂ ਸ਼ਾਹਬਾਜ਼ ਸ਼ਰੀਫ਼ ਦੇ ਸਦਨ ਦਾ ਨਵਾਂ ਆਗੂ ਚੁਣੇ ਜਾਣ ਦੇ ਆਸਾਰ ਹਨ। ਹਾਲਾਂਕਿ ਸ਼ਰੀਫ਼ ਲਈ ਗੱਠਜੋੜ ਦੇ ਮੈਂਬਰਾਂ, ਜਿਨ੍ਹਾਂ ਵਿੱਚ ਚਾਰ ਆਜ਼ਾਦ ਉਮੀਦਵਾਰ ਵੀ ਹਨ, ਨੂੰ ਸੰਭਾਲ ਕੇ ਰੱਖਣਾ ਤੇ ਨਾਲ ਤੋਰਨਾ ਅਸਲ ਚੁਣੌਤੀ ਹੋਵੇਗੀ। ਮੌਜੂਦਾ ਕੌਮੀ ਅਸੈਂਬਲੀ ਦੀ ਮਿਆਦ ਅਗਲੇ ਸਾਲ ਅਗਸਤ ਵਿੱਚ ਖ਼ਤਮ ਹੋਣੀ ਹੈ।


ਇਹ ਵੀ ਪੜ੍ਹੋ: ਫੋਨ 'ਚ ਆਪਣੀਆਂ ਪ੍ਰਾਈਵੇਟ ਫੋਟੋਆਂ ਨੂੰ ਕਿਵੇਂ ਛੁਪਾਈਏ, ਇੰਝ ਵਰਤੋ ਲੌਕਡ ਫੋਲਡਰ