Ukraine-Russia Crisis: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਮੌਜੂਦ ਹਨ। ਬੋਰਿਸ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਤੇ ਸੜਕਾਂ 'ਤੇ ਉਤਰ ਆਏ। ਇਸ ਦੌਰਾਨ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਹਾਲ-ਚਾਲ ਵੀ ਜਾਣਿਆ।



ਬੋਰਿਸ ਅਤੇ ਜ਼ੇਲੇਂਸਕੀ ਦੀ ਇਸ ਮੁਲਾਕਾਤ ਨੂੰ ਕੀਵ ਅਤੇ ਆਸਪਾਸ ਦੇ ਇਲਾਕਿਆਂ ਤੋਂ ਰੂਸੀ ਫੌਜਾਂ ਦੀ ਵਾਪਸੀ ਤੇ ਯੂਕਰੇਨ ਵੱਲੋਂ ਯੂਰਪੀ ਦੇਸ਼ਾਂ ਤੋਂ ਹਥਿਆਰਾਂ ਦੀ ਮੰਗ ਦੇ ਵਿਚਕਾਰ ਬਹੁਤ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ। ਯੂਕਰੇਨ ਦੇ ਸ਼ਹਿਰਾਂ 'ਚੋਂ ਨਾਗਰਿਕਾਂ ਦੀਆਂ ਲਾਸ਼ਾਂ ਨਿਕਲਦੀਆਂ ਦੇਖ ਕੇ ਬੋਰਿਸ ਨੇ ਕਿਹਾ ਕਿ ਇਸ ਸਭ ਨੇ ਰੂਸੀ ਰਾਸ਼ਟਰਪਤੀ ਪੁਤਿਨ ਦਾ ਅਕਸ ਪੂਰੀ ਤਰ੍ਹਾਂ ਨਾਲ ਖਰਾਬ ਕਰ ਦਿੱਤਾ ਹੈ।





ਰੂਸ ਗਲਤ ਨਿਕਲਿਆ - ਬੋਰਿਸ
ਦਰਅਸਲ ਬੋਰਿਸ ਇਸ ਹਫਤੇ ਦੇ ਅੰਤ 'ਚ ਕੀਵ ਦੇ ਦੌਰੇ 'ਤੇ ਹਨ। ਉਨ੍ਹਾਂ ਨੇ ਇਹ ਦੌਰਾ ਅਜਿਹੇ ਸਮੇਂ ਕੀਤਾ ਹੈ ਜਦੋਂ ਰੂਸੀ ਹਮਲੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਯੂਕਰੇਨ ਦੇ ਸ਼ਹਿਰਾਂ 'ਚੋਂ ਕੱਢਿਆ ਜਾ ਰਿਹਾ ਹੈ। ਦੱਸ ਦੇਈਏ ਕਿ ਰੂਸੀ ਫੌਜ ਇਸ ਸਮੇਂ ਕੀਵ ਅਤੇ ਆਸਪਾਸ ਦੇ ਇਲਾਕਿਆਂ ਤੋਂ ਪਿੱਛੇ ਹਟ ਗਈ ਹੈ।

ਬੋਰਿਸ ਨੇ ਇਸ ਦੌਰਾਨ ਕਿਹਾ ਕਿ ਰੂਸ ਨੇ ਸੋਚਿਆ ਸੀ ਕਿ ਉਹ ਕੁਝ ਦਿਨਾਂ 'ਚ ਯੂਕਰੇਨ 'ਤੇ ਕਬਜ਼ਾ ਕਰ ਲਵੇਗਾ ਪਰ ਉਹ ਗਲਤ ਨਿਕਲਿਆ। ਯੂਕਰੇਨ ਦੇ ਨਾਗਰਿਕਾਂ ਵੱਲੋਂ ਦਿਖਾਈ ਗਈ ਹਿੰਮਤ ਸ਼ਲਾਘਾਯੋਗ ਹੈ।