ਚੰਡੀਗੜ੍ਹ: ਨਿਊਯਾਰਕ 'ਚ ਹੋਣ ਵਾਲੀ ਭਾਰਤ-ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਭਾਰਤ ਵੱਲੋਂ ਰੱਦ ਕੀਤੇ ਜਾਣ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਰਾਜ਼ਗੀ ਪ੍ਰਗਟ ਕੀਤੀ ਹੈ। ਇਮਰਾਨ ਨੇ ਬਿਨਾਂ ਨਾਂਅ ਲੈਂਦਿਆਂ ਪ੍ਰਧਾਨ ਮੰਤਰੀ ਮੋਦੀ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਇਮਰਾਨ ਨੇ ਟਵੀਟ ਕਰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਸ਼ਾਂਤੀ ਵਾਰਤਾ ਦੀ ਮੇਰੀ ਪਹਿਲੀ ਕੋਸ਼ਿਸ਼ ਨੂੰ ਨਾਕਾਰ ਕੇ ਭਾਰਤ ਨੇ ਆਪਣਾ ਘਾਮੰਡੀ ਤੇ ਨਾਕਾਰਤਾਮਕ ਰਵੱਈਆ ਦਿਖਾਇਆ ਹੈ।


ਇਮਰਾਨ ਨੇ ਕਿਹਾ ਕਿ ਮੈਂ ਜ਼ਿੰਦਗੀ ਵਿਚ ਕਈ ਅਜਿਹੇ ਛੋਟੇ ਲੋਕ ਦੇਖੇ ਹਨ ਜੋ ਵੱਡੇ ਦਫਤਰਾਂ 'ਚ ਉੱਚ ਅਹੁਦਿਆਂ 'ਤੇ ਬੈਠੇ ਹਨ ਪਰ ਉਨ੍ਹਾਂ ਦੀ ਸੋਚ ਤੇ ਨਜ਼ਰੀਆ ਬਹੁਤ ਛੋਟਾ ਹੈ। ਇਮਰਾਨ ਦੇ ਇਸ ਟਵੀਟ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੇ ਪਾਕਿਸਤਾਨ ਵੱਲੋਂ ਸ਼ਾਂਤੀ ਵਾਰਤਾ ਦੀ ਪੇਸ਼ਕਸ਼ ਠੁਕਰਾ ਕੇ ਪਾਕਿਸਤਾਨ ਦੀ ਨਰਾਜ਼ਗੀ ਸਹੇੜ ਲਈ ਹੈ। ਇਸ ਦੇ ਨਾਲ ਹੀ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲਬਾਤ ਵੀ ਠੰਡੇ ਬਸਤੇ 'ਚ ਪੈ ਗਈ ਹੈ।





ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਭਾਰਤ ਦੇ ਇਸ ਫੈਸਲੇ 'ਤੇ ਨਰਾਜ਼ਗੀ ਜ਼ਾਹਰ ਕੀਤੀ ਕੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਭਾਰਤ ਨੇ ਸਾਕਰਾਤਮਕ ਪ੍ਰਤੀਕਿਰਿਆ ਨਹੀਂ ਦਿੱਤੀ। ਭਾਰਤ ਨੇ ਇਕ ਵਾਰ ਫਿਰ ਸ਼ਾਂਤੀ ਵਾਰਤਾ ਦਾ ਮੌਕਾ ਬੇਕਾਰ ਕਰ ਦਿੱਤਾ।


ਜ਼ਿਕਰਯੋਗ ਹੈ ਕਿ ਭਾਰਤ ਨੇ ਨਿਊਯਾਰਕ 'ਚ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਹੋਣ ਵਾਲੀ ਦੋ-ਪੱਖੀ ਵਾਰਤਾ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਸੀ ਕਿ ਪਾਕਿਸਤਾਨ ਦੋਹਰਾ ਰਵੱਈਆ ਅਪਣਾਉਂਦਾ ਹੈ। ਇਕ ਪਾਸੇ ਸ਼ਾਂਤੀ ਵਾਰਤਾ ਦਾ ਪ੍ਰਸਤਾਵ ਤੇ ਦੂਜੇ ਪਾਸੇ ਸਰਹੱਦ 'ਤੇ ਭਾਰਤੀ ਜਵਾਨਾਂ ਦੀ ਹੱਤਿਆ।