ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ  ਲਈ ਭਾਰਤ ਨੇ ਆਪਣਾ ਹਵਾਈ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਹੈ। ਖ਼ਾਨ ਆਉਂਦੇ ਦਿਨੀਂ ਸ਼੍ਰੀਲੰਕਾ ਦੇ ਦੌਰੇ 'ਤੇ ਜਾ ਰਹੇ ਹਨ, ਜਿਸ ਲਈ ਪਾਕਿਸਤਾਨ ਨੇ ਭਾਰਤ ਨੂੰ ਉਸ ਦਾ ਏਅਰਸਪੇਸ ਵਰਤਣ ਲਈ ਆਗਿਆ ਮੰਗੀ ਸੀ।


ਪੁਲਵਾਮਾ ਹਮਲੇ ਤੋਂ ਬਾਅਦ ਹਵਾਈ ਲਾਂਘੇ ਬੰਦ ਹੋ ਗਏ ਸਨ। ਇਸ ਉਪਰੰਤ ਪਾਕਿਸਤਾਨ ਨੇ ਭਾਰਤ ਦੀ ਬੇਨਤੀ ਪ੍ਰਵਾਨ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਦੇ ਕਿਰਗਿਸਤਾਨ ਦੇ ਦੌਰ ਲਈ ਆਪਣਾ ਹਵਾਈ ਲਾਂਘਾ ਵਰਤਣ ਦੀ ਆਗਿਆ ਦਿੱਤੀ ਸੀ। ਹਾਲਾਂਕਿ, ਮੋਦੀ ਨੇ ਇਹ ਲਾਂਘਾ ਵਰਤਣ ਦੀ ਥਾਂ ਆਪਣਾ ਰੂਟ ਹੀ ਬਦਲ ਲਿਆ ਸੀ।


ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਮੰਤਰੀਮੰਡਲ ਅਤੇ ਕਾਰੋਬਾਰੀਆਂ ਦੇ ਵਫ਼ਦ ਨਾਲ ਦੋ ਦਿਨਾਂ ਦੌਰੇ 'ਤੇ ਸ਼੍ਰੀਲੰਕਾ ਜਾ ਰਹੇ ਹਨ। ਉਹ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਸੱਦੇ 'ਤੇ ਨਿਵੇਸ਼, ਸਿੱਖਿਆ, ਸਿਹਤ, ਖੇਤੀਬਾੜੀ, ਤਕਨੀਕੀ, ਰੱਖਿਆ ਤੇ ਸੈਰ-ਸਪਾਟ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਨਗੇ।