ਇਸਲਾਮਾਬਾਦ: ਪਾਕਿਸਤਾਨ ਚੋਣ ਕਮਿਸ਼ਨ ਵੱਲੋਂ ਅੱਜ ਐਲਾਨੇ 95 ਫੀਸਦੀ ਨਤੀਜਿਆਂ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀਟੀਆਈ) ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਹਾਲਾਂਕਿ ਇਮਰਾਨ ਖਾਨ ਦੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਚੋਣ ਕਮਿਸ਼ਨ ਨੇ ਦੱਸਿਆ ਕਿ ਪੀਟੀਆਈ ਨੇ ਨੈਸ਼ਨਲ ਅਸੈਂਬਲੀ ਦੀਆਂ 269 ਸੀਟਾਂ 'ਚੋਂ 109 ਸੀਟਾਂ ਤੇ ਜਿੱਤ ਦਰਜ ਕੀਤੀ ਹੈ।


ਪੀਐਮਐਲ-ਐਨ ਹਿੱਸੇ 63 ਸੀਟਾਂ


ਸ਼ਾਹਬਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ 63 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜੇਲ੍ਹ ਜਾਣ ਤੋਂ ਬਾਅਦ ਪਾਰਟੀ ਦੀ ਵਾਗਡੋਰ ਸੰਭਾਲ ਰਹੇ ਸ਼ਾਹਬਾਜ਼ ਨੇ ਵੋਟਾਂ ਦੀ ਗਿਣਤੀ 'ਚ ਹੇਰਾਫੇਰੀ ਦਾ ਦੋਸ਼ ਲਾਉਂਦਿਆਂ ਨਤੀਜਿਆਂ ਨੂੰ ਖਾਰਜ ਕੀਤਾ ਹੈ।


ਪੀਪੀਪੀ ਹਿੱਸੇ 39 ਸੀਟਾਂ


ਤੀਜੇ ਸਥਾਨ 'ਤੇ ਪਾਕਿਸਤਾਨ ਪੀਪਲਸ ਪਾਰਟੀ ਨੇ 39 ਸੀਟਾਂ ਜਿੱਤੀਆਂ ਹਨ। ਫਿਲਹਾਲ 20 ਸੀਟਾਂ 'ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਇਮਰਾਨ ਨੂੰ ਸਰਕਾਰ ਬਣਾਉਣ ਲਈ 137 ਸੀਟਾਂ ਲੋੜੀਂਦੀਆਂ ਹਨ। ਯਾਨੀ ਕਿ ਉਨ੍ਹਾਂ ਨੂੰ ਹੋਰ ਛੋਟੀਆਂ ਪਾਰਟੀਆਂ ਦਾ ਸਮਰਥਨ ਲੈਣਾ ਪਏਗਾ।


ਦੱਸ ਦੇਈਏ ਪਾਕਿਸਤਾਨ ਅਸੈਂਬਲੀ 'ਚ ਕੁੱਲ 342 ਮੈਂਬਰ ਹੁੰਦੇ ਹਨ ਜਿਨ੍ਹਾਂ 'ਚੋਂ 272 ਸਿੱਧੇ ਤੌਰ 'ਤੇ ਚੁਣੇ ਜਾਂਦੇ ਹਨ ਜਦਕਿ ਬਾਕੀ 60 ਸੀਟਾਂ ਔਰਤਾਂ ਤੇ 10 ਸੀਟਾਂ ਧਾਰਮਿਕ ਸਖ਼ਸ਼ੀਅਤਾਂ ਲਈ ਰਾਖਵੀਆਂ ਹਨ। ਆਮ ਚੋਣਾਂ 'ਚ ਪੰਜ ਫੀਸਦੀ ਤੋਂ ਜ਼ਿਆਦਾ ਵੋਟ ਪਾਉਣ ਵਾਲੀਆਂ ਪਾਰਟੀਆਂ ਇਨ੍ਹਾਂ ਰਾਖਵੀਆਂ ਸੀਟਾਂ 'ਤੇ ਇਕ ਸਮਾਨ ਨੁੰਮਾਇਦਗੀ ਦੇ ਹਿਸਾਬ ਨਾਲ ਆਪਣੇ ਪ੍ਰਤੀਨਿਧ ਭੇਜ ਸਕਦੀ ਹੈ। ਕੋਈ ਪਾਰਟੀ ਇਕੱਲੇ ਉਸ ਵੇਲੇ ਹੀ ਸਰਕਾਰ ਬਣਾ ਸਕਦੀ ਹੈ ਜਦੋਂ 172 ਸੀਟਾਂ ਹਾਸਲ ਹੋਣ।