ਜਿਨੇਵਾ: ਅਫ਼ਗ਼ਾਨਿਸਤਾਨ ਯੁੱਧ ਤੋਂ ਪ੍ਰਭਾਵਿਤ ਹੈ। ਸੋਕੇ ਦੀ ਸਮੱਸਿਆ ਨਾਲ ਮਨੁੱਖੀ ਸੰਕਟ ਇਸ ਹੱਦ ਤਕ ਵਧ ਗਿਆ ਹੈ ਕਿ ਲੋਕ ਆਪਣਾ ਕਰਜ਼ਾ ਅਦਾ ਕਰਨ ਤੇ ਖਾਣ-ਪੀਣ ਦੀਆਂ ਵਸਤਾਂ ਖਰੀਦਣ ਲਈ ਆਪਣੀਆਂ ਛੋਟੀਆਂ-ਛੋਟੀਆਂ ਧੀਆਂ ਨੂੰ ਵਿਆਹ ਖਾਤਰ ਵੇਚਣ ਲਈ ਮਜਬੂਰ ਹਨ। ਅਫ਼ਗ਼ਾਨਿਸਤਾਨ ਦੇ ਸੋਕੇ ਨਾਲ ਪ੍ਰਭਾਵਿਤ ਹੇਰਾਤ ਤੇ ਬਗਦੀਜ ਸੂਬੇ ਵਿੱਚ ਸੰਯੁਕਤ ਰਾਸ਼ਟਰ ਦੀ ਬਾਲਲ ਏਜੰਸੀ ਨੇ ਅਨੁਮਾਨ ਲਾਇਆ ਹੈ ਕਿ ਚਾਰ ਮਹੀਨਿਆਂ ਵਿੱਚ ਇੱਕ ਮਹੀਨੇ ਤੋਂ ਲੈ ਕੇ 16 ਸਾਲ ਤਕ ਦੀ ਉਮਰ ਦੇ ਘੱਟੋ-ਘੱਟ 161 ਬੱਚੇ ਵੇਚੇ ਗਏ ਹਨ।

ਯੂਨੀਸੈਫ ਦੀ ਮਹਿਲਾ ਬੁਲਾਰਾ ਐਲਿਸਨ ਪਾਰਕਰ ਨੇ ਜਿਨੇਵਾ ਵਿੱਚ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਬੱਚਿਆਂ ਦੀ ਸਥਿਤੀ ਬੇਹੱਦ ਖਰਾਬ ਹੈ। ਜੁਲਾਈ ਤੋਂ ਅਕਤੂਬਰ ਵਿੱਚ ਕੀਤੇ ਗਏ ਸਰਵੇਖਣ ਮੁਤਾਬਕ ਕੁੜੀਆਂ ਦਾ ਜਾਂ ਤਾਂ ਵਿਆਹ ਕਰ ਦਿੱਤਾ ਗਿਆ ਜਾਂ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਕਰਜ਼ਾ ਚੁਕਾਉਣ ਲਈ ਵੇਚ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੋਕੇ ਤੋਂ ਪਹਿਲਾਂ 80 ਫੀਸਦੀ ਤੋਂ ਵੱਧ ਪਰਿਵਾਰ ਕਰਜ਼ੇ ਦੀ ਚਪੇਟ ਵਿੱਚ ਸਨ। ਪਰਿਵਾਰਾਂ ਨੂੰ ਉਮੀਦ ਸੀ ਕਿ ਫਸਲ ਹੋਣ ’ਤੇ ਕਰਜ਼ਾ ਮੋੜ ਦੇਣਗੇ ਪਰ ਸੋਕੇ ਦੀ ਮਾਰ ਕਰਕੇ ਅਜਿਹਾ ਹੋ ਨਾ ਸਕਿਆ। ਹੁਣ ਕਿਸਾਨਾਂ ਦੀਆਂ ਕੁੜੀਆਂ ਕਰਜ਼ਾ ਮੋੜਨ ਦਾ ਜ਼ਰੀਆ ਬਣ ਰਹੀਆਂ ਹਨ।

ਸਰਵੇਖਣ ਮੁਤਾਬਕ 11 ਸਾਲ ਜਾਂ ਇਸ ਤੋਂ ਵੀ ਘੱਟ ਉਮਰ ਦੀਆਂ ਕੁੜੀਆਂ ਦੇ ਵਿਆਹ ਕਰਵਾ ਦਿੱਤੇ ਗਏ। ਜਿਨ੍ਹਾਂ ਕੁੜੀਆਂ ਦੀ ਮੰਗਣੀ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਕਈਆਂ ਦੀ ਉਮਰ ਤਾਂ ਕੁਝ ਮਹੀਨੇ ਹੀ ਹੈ। ਕੁੱਲ 161 ਬੱਚਿਆਂ ਵਿੱਚੋਂ ਛੇ ਮੁੰਡੇ ਸ਼ਾਮਲ ਹਨ। ਇਸ ਤੋਂ ਇਲਾਵਾ ਅਫ਼ਗ਼ਾਨਿਸਤਾਨ ਵਿੱਚ ਬੱਚਿਆਂ ਕੋਲੋਂ ਜ਼ਬਰਨ ਮਜ਼ਦੂਰੀ ਕਰਵਾਉਣ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ।

ਮਜਬੂਰ ਕਿਸਾਨਾਂ ਦਾ ਕਹਿਣਾ ਹੈ ਕਿ ਕਰਜ਼ਾ ਮੋੜਨ ਲਈ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਇੱਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਬੇਹੱਦ ਪਿਆਰ ਕਰਦੇ ਹਨ, ਉਹ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਵੀ ਹੈ ਪਰ ਫਿਰ ਵੀ ਉਹ ਅਜਿਹਾ ਕਰਨ ਲਈ ਮਜਬੂਰ ਹਨ।