ਇਸਲਾਮਾਬਾਦ: ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਜਿੱਥੇ ਸਿੱਖਾਂ ਨੂੰ ਸੌਗਾਤ ਦੇਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਭਾਰਤ ਵੱਲੋਂ ਦੋਸਤੀ ਦਾ ਹੱਥ ਵਧਾ ਕੇ ਖਿੱਤੇ ਵਿੱਚ ਸ਼ਾਂਤੀ ਦੇ ਸੁਨੇਹਾ ਦਿੱਤਾ। ਬਦਕਿਸਮਤੀ ਨਾਲ ਇਸ ਹਾਂਪੱਖੀ ਕਦਮ ਨੂੰ ਦੋਵਾਂ ਪਾਸਿਆਂ ਦੇ ਕੁਝ ਸਿਆਸੀ ਲੀਡਰਾਂ ਤੇ ਮੀਡੀਆ ਦੇ ਇੱਕ ਹਿੱਸੇ ਨੇ ਬੜੇ ਨਾਪੱਖੀ ਢੰਗ ਨਾਲ ਪੇਸ਼ ਕੀਤਾ। ਇਸ ਦਾ ਗਿਲਾ ਪਾਕਿਸਤਾਨ ਦੇ ਭਾਰਤ ਦੇ ਆਮ ਲੋਕਾਂ ਨੂੰ ਵੀ ਹੈ।
ਪਾਕਿਸਤਾਨ ਨੇ ਇਲਜ਼ਾਮ ਲਾਇਆ ਹੈ ਕਿ ਭਾਰਤੀ ਮੀਡੀਆ ਦੇ ਇੱਕ ਹਿੱਸੇ ਵੱਲੋਂ ਨਾਪੱਖੀ ਮੁਹਿੰਮ ਚਲਾਈ ਜਾ ਰਹੀ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਇਹ ਲਾਂਘਾ ਸਿਰਫ ਤੇ ਸਿਰਫ ਸਿੱਖ ਭਾਈਚਾਰੇ ਦੀ ਲੰਮੇ ਸਮੇਂ ਤੋਂ ਅਧੂਰੀ ਖਾਹਸ਼ ਨੂੰ ਪੂਰੀ ਕਰਨ ਦੇ ਮਕਸਦ ਨਾਲ ਖੋਲ੍ਹਿਆ ਜਾ ਰਿਹਾ ਹੈ। ਇਹ ਆਪਣੇ ਆਪ ਵਿੱਚ ਇਤਿਹਾਸਕ ਪੇਸ਼ਕਦਮੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਲੰਘੀ 28 ਨਵੰਬਰ ਨੂੰ ਤਿੰਨ ਭਾਰਤੀ ਮੰਤਰੀਆਂ ਦੀ ਮੌਜੂਦਗੀ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ।
ਇਸ 'ਤੇ ਸਿਆਸਤ ਉਦੋਂ ਹੋਰ ਭਖ ਗਈ ਜਦੋਂ ਨੀਂਹ ਪੱਥਰ ਤੋਂ ਅਗਲੇ ਦਿਨ ਸਰਕਾਰ ਦੇ 100 ਦਿਨ ਪੂਰੇ ਹੋਣ ਮੌਕੇ ਕੀਤੇ ਸਮਾਗਮ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਖਿਆ ਸੀ ਕਿ ਖ਼ਾਨ ਵੱਲੋਂ ਕਰਤਾਰਪੁਰ ਦੀ ਗੂਗਲੀ ਕਰਕੇ ਆਪਸੀ ਰਾਬਤੇ ਤੋਂ ਟਲਦੇ ਆ ਰਹੇ ਭਾਰਤ ਨੂੰ ਆਪਣੇ ਦੋ ਮੰਤਰੀ ਭੇਜਣੇ ਪਏ। ਕੁਰੈਸ਼ੀ ਦੀ ਟਿੱਪਣੀ ਨੂੰ ਕਈ ਭਾਰਤੀ ਚੈਨਲਾਂ ਨੇ ਬੜੇ ਨਾਂਪੱਖੀ ਤਰੀਕੇ ਨਾਲ ਪੇਸ਼ ਕੀਤਾ ਤੇ ਕਿਹਾ ਸੀ ਕਿ ਨਵਜੋਤ ਸਿੱਧੂ ਨੂੰ ਪਾਕਿ ਸਰਕਾਰ ਦੀ ਪਿੱਠ ਨਹੀਂ ਥਾਪੜਨੀ ਚਾਹੀਦੀ ਸੀ। ਇਸ ਦੇ ਨਾਲ ਹੀ ਉੱਥੇ ਗਏ ਦੋਵੇਂ ਭਾਰਤੀ ਮੰਤਰੀਆਂ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੁਰੀ ਨੇ ਵਾਪਸੀ ਮੌਕੇ ਕਸ਼ਮੀਰ ਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੁਝ ਸਖ਼ਤ ਟਿੱਪਣੀਆਂ ਕੀਤੀਆਂ ਸੀ।
ਸ਼ਨਿਚਰਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਬਿਆਨ ਵਿੱਚ ਆਖਿਆ, ‘‘ਅਸੀਂ ਭਾਰਤੀ ਮੀਡੀਆ ਦੇ ਇੱਕ ਹਿੱਸੇ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੀ ਪੇਸ਼ਕਦਮੀ ਖਿਲਾਫ਼ ਚਲਾਈ ਜਾ ਰਹੀ ਇਸ ਕਿਸਮ ਦੇ ਨਾਪੱਖੀ ਪ੍ਰਾਪੇਗੰਡਾ ਮੁਹਿੰਮ ਤੋਂ ਬਹੁਤ ਦੁਖੀ ਹਾਂ।’’ ਕਰਤਾਰਪੁਰ ਸਾਹਿਬ ਲਾਂਘਾ ਪੂਰਾ ਹੋਣ ਨਾਲ ਇਹ ਚੜ੍ਹਦੇ ਪੰਜਾਬ ਦੇ ਡੇਰਾ ਬਾਬਾ ਨਾਨਕ ਨਾਲ ਜੁੜ ਜਾਵੇਗਾ ਤੇ ਸਿੱਖਾਂ ਨੂੰ ਵੀਜ਼ੇ ਤੋਂ ਬਗ਼ੈਰ ਗੁਰੂ ਨਾਨਕ ਦੇਵ ਜੀ ਦੀ ਕਰਮਭੂਮੀ ’ਤੇ ਸਿਜਦਾ ਕਰਨ ਦੀ ਖੁੱਲ੍ਹ ਮਿਲ ਜਾਵੇਗੀ।