ਵਾਸ਼ਿੰਗਟਨ: ਭਾਰਤ ਦੇ ਸਖਤ ਵਿਰੋਧ ਦੇ ਬਾਵਜੂਦ ਅਮਰੀਕਾ ਐਚ 1ਬੀ ਵੀਜ਼ਾ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਤਾਜ਼ਾ ਕਦਮ ਨਾਲ ਇਹ ਪੇਸ਼ਾਵਰ ਲੋਕਾਂ ਲਈ ਵੀਜ਼ਾ ਲੈਣਾ ਹੋਰ ਔਖਾ ਹੋ ਜਾਏਗਾ। ਇਸ ਸਬੰਧੀ ਟਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਐਚ 1ਬੀ ਵੀਜ਼ਾ ਪ੍ਰਕਿਰਿਆ ਵਿੱਚ ਵੱਡੇ ਪੱਧਰ ’ਤੇ ਬਦਲਾਅ ਲਿਆਉਣ ਲਈ ਪ੍ਰਸਤਾਵ ਪੇਸ਼ ਕੀਤਾ ਹੈ।
ਇਸ ਮੁਤਾਬਕ ਇੱਕ ਨਵੇਂ ਨਿਯਮ ਤਹਿਤ ਕੰਪਨੀਆਂ ਨੂੰ ਅਗਾਊਂ ਤੌਰ ਉੱਤੇ ਆਪਣੀਆਂ ਅਰਜ਼ੀਆਂ ਨੂੰ ਇਲੈਕਟ੍ਰਾਨਿਕ ਤੌਰ ’ਤੇ ਰਜਿਸਟਰ ਕਰਵਾਉਣਾ ਪਵੇਗਾ। ਇਸ ਦਾ ਮਕਸਦ ਯੋਗਤਾ ਪ੍ਰਾਪਤ ਤੇ ਉੱਚ ਤਨਖਾਹ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਹੀ ਇਹ ਵੀਜ਼ਾ ਦੇਣਾ ਹੈ। ਇਸ ਤਰ੍ਹਾਂ ਵੀਜ਼ਾ ਲੈਣਾ ਕਾਫੀ ਔਖਾ ਹੋ ਜਾਏਗਾ।
ਐਚ 1ਬੀ ਵੀਜ਼ਾ ਭਾਰਤੀ ਆਈਟੀ ਕੰਪਨੀਆਂ ਤੇ ਪੇਸ਼ੇਵਰਾਂ ਵਿੱਚ ਪ੍ਰਚੱਲਤ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਵਿਸ਼ੇਸ਼ ਕਿੱਤਿਆਂ ਲਈ ਵਿਦੇਸ਼ੀ ਕਾਮਿਆਂ ਨੂੰ ਕੰਮ ਉੱਤੇ ਰੱਖ ਸਕਦੀਆਂ ਹਨ। ਨਵੇਂ ਪ੍ਰਸਤਾਵਤ ਨਿਯਮ ਮੁਤਾਬਕ ਐਚ 1ਬੀ ਵੀਜ਼ਾ ਤਹਿਤ ਕਾਮੇ ਰੱਖਣ ਵਾਲੀਆਂ ਕੰਪਨੀਆਂ ਨੂੰ ਤੈਅਸ਼ੁਦਾ ਰਜਿਸਟ੍ਰੇਸ਼ਨ ਸਮੇਂ ਦੌਰਾਨ ਪਹਿਲਾਂ ਯੂਐਸ ਸਿਟੀਜਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ (ਯੂਐਸਸੀਆਈਐਸ) ਨਾਲ ਇਲੈਟ੍ਰਾਨਿਕ ਤੌਰ ਉੱਤੇ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ।
ਕਾਂਗਰਸ ਵੱਲੋਂ ਦਿੱਤੇ ਨਿਰਦੇਸ਼ ਮੁਤਾਬਕ ਹਰ ਵਿੱਤੀ ਵਰ੍ਹੇ ਦੌਰਾਨ 65000 ਐਚ 1ਬੀ ਵੀਜ਼ਿਆਂ ਦੀ ਆਗਿਆ ਹੋਵੇਗੀ। ਅਮਰੀਕਾ ਤੋਂ ਮਾਸਟਰ ਡਿਗਰੀ ਜਾਂ ਇਸ ਤੋਂ ਉੱਚ ਪੱਧਰੀ ਡਿਗਰੀ ਪ੍ਰਾਪਤ ਪਹਿਲੀਆਂ 20,000 ਅਰਜ਼ੀਆਂ ਨੂੰ ਇਸ ਸ਼੍ਰੇਣੀ ਤੋਂ ਛੋਟ ਹੋਵੇਗੀ।