ਬੀਜਿੰਗ- ਭਾਰਤ ਤੇ ਚੀਨ ਵਿਚਾਲੇ ਡੋਕਲਾਮ ਮਾਮਲੇ ‘ਤੇ ਵਿਵਾਦ ਲੰਮੇ ਸਮੇਂ ਤੋਂ ਚੱਲੀ ਜਾ ਰਿਹਾ ਹੈ। ਸਿੱਕਮ-ਭੂਟਾਨ-ਤਿੱਬਤ ਸਰਹੱਦ ਨੇੜੇ ਡੋਕਲਾਮ ਖੇਤਰ ਵਿੱਚ ਫਿਰ ਚੀਨੀ ਫੌਜੀਆਂ ਦੇ ਇਕੱਠੇ ਹੋਣ ਦੀ ਖਬਰ ਮਿਲੀ ਹੈ। ਮੀਡੀਆ ਖਬਰਾਂ ਮੁਤਾਬਕ ਚੀਨ ਨੇ ਲਗਭਗ 1600 ਤੋਂ 1800 ਫੌਜੀ ਇਥੇ ਲਾ ਦਿੱਤੇ ਹਨ ਅਤੇ ਇਸ ਖੇਤਰ ਵਿੱਚ ਹੈਲੀਪੈਡ, ਸੜਕ ਤੇ ਕੈਂਪ ਬਣਾਉਣ ਦੇ ਕੰਮ ਕੀਤੇ ਜਾ ਰਹੇ ਹਨ।
ਭਾਰਤ ਸਰਕਾਰ ਦੇ ਫੌਜੀ ਸੂਤਰਾਂ ਮੁਤਾਬਕ ਇਸ ਖੇਤਰ ਵਿੱਚ ਲਗਭਗ 110 ਬੰਕਰ ਵੇਖੇ ਗਏ ਹਨ। ਹਰ ਸਾਲ ਅਪ੍ਰੈਲ-ਮਈ ਤੇ ਅਕਤੂਬਰ-ਨਵੰਬਰ ਵਿਚਕਾਰ ਚੀਨੀ ਫੌਜੀ ਡੋਕਲਾਮ ਵਿੱਚ ਆ ਕੇ ਆਪਣਾ ਦਾਅਵਾ ਠੋਕਦੇ ਹਨ। ਇਸ ਸਾਲ ਡੋਕਲਾਮ ਬਾਰੇ ਦੋਵਾਂ ਦੇਸ਼ਾਂ ਵਿਚਾਲੇ ਲੰਮਾ ਵਿਵਾਦ ਚੱਲਿਆ ਸੀ। ਭਾਰਤ ਦੀ ਪਾਰਲੀਮੈਂਟ ਵਿੱਚ ਵੀ ਮਾਮਲਾ ਚੁੱਕਿਆ ਗਿਆ ਸੀ।
ਭਾਰਤ ਬਿਨਾਂ ਸ਼ਰਤ ਆਪਣੇ ਫੌਜੀ ਹਟਾਉਣ ਦੀ ਜਿੱਤ ‘ਤੇ ਅਖੀਰ ਤੱਕ ਅੜਿਆ ਰਿਹਾ, ਜਿਸ ਤੋਂ ਬਾਅਦ 28 ਅਗਸਤ ਨੂੰ ਭਾਰਤੀ ਅਤੇ ਚੀਨੀ ਫੌਜੀਆਂ ਨੇ ਡੋਕਲਾਮ ਤੋਂ ਆਪਣੇ ਫੌਜੀਆਂ ਨੂੰ ਹਟਾਉਣ ਦਾ ਫੈਸਲਾ ਕੀਤਾ ਤੇ ਇਸ ਤਰ੍ਹਾਂ ਏਸ਼ੀਆ ਦੀਆਂ ਦੋ ਵੱਡੀਆਂ ਸ਼ਕਤੀਆਂ ਵਿਚਕਾਰ ਟਕਰਾਅ ਖਤਮ ਹੋ ਗਿਆ ਸੀ।
ਜਿਕਰਯੋਗ ਹੈ ਕਿ ਭਾਰਤ ਦੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਸਤੰਬਰ ਵਿੱਚ ਸੰਭਾਵਨਾ ਪ੍ਰਗਟਾਈ ਸੀ ਕਿ ਚੀਨ ਵਿਵਾਦਤ ਖੇਤਰ ਵਿੱਚ ਤਾਕਤ ਵਿਖਾਉਣ ਦੀ ਕੋਸ਼ਿਸ਼ ਕਰਦਾ ਰਹੇਗਾ, ਇਸ ਲਈ ਚੁੰਬੀ ਵੈਲੀ ਵਿੱਚ ਫੌਜੀਆਂ ਨੂੰ ਤੈਨਾਤ ਕੀਤਾ ਗਿਆ ਹੈ। ਇਸ ਸਮੇਂ ਰਾਵਤ ਦੀ ਗੱਲ ਸਹੀ ਹੁੰਦੀ ਜਾਪਦੀ ਹੈ। ਡੋਕਲਾਮ ਵਿੱਚ ਭਾਰਤ ਦੀ ਸਥਿਤੀ ਪਹਿਲਾਂ ਜਿਹੀ ਬਣੀ ਹੋਈ ਹੈ, ਪਰ ਫਿਰ ਵੀ ਇੰਨੀ ਵੱਡੀ ਗਿਣਤੀ ਵਿੱਚ ਡੋਕਲਾਮ ਵਿੱਚ ਚੀਨੀ ਫੌਜੀਆਂ ਦਾ ਹੋਣਾ ਸੁਰੱਖਿਆ ਏਜੰਸੀਆਂ ਲਈ ਕਾਫੀ ਚਿੰਤਾ ਦਾ ਵਿਸ਼ਾ ਹੈ।