ਵਾਸ਼ਿੰਗਟਨ- ਯੂ ਐੱਨ ਓ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਆਖਿਆ ਹੈ ਕਿ ਜਿਨ੍ਹਾਂ ਔਰਤਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਯੌਨ ਸ਼ੋਸ਼ਣ ਦਾ ਦੋਸ਼ ਲਾਏ ਹਨ, ਉਨ੍ਹਾਂ ਦਾ ਪੱਖ ਵੀ ਸੁਣਿਆ ਜਾਣਾ ਚਾਹੀਦਾ ਹੈ। ਨਿੱਕੀ ਦੇ ਇਸ ਬਿਆਨ ਤੋਂ ਕਈ ਲੋਕ ਹੈਰਾਨ ਹੋਏ ਹਨ।

ਕੱਲ੍ਹ ਇਕ ਪ੍ਰੋਗਰਾਮ ਵਿਚ ਜਦੋਂ ਨਿੱਕੀ ਹੈਲੀ ਤੋਂ ਪੁੱਛਿਆ ਗਿਆ ਕਿ ਟਰੰਪ ਉੱਤੇ ਦੋਸ਼ ਲਾਉਣ ਵਾਲੀਆਂ ਔਰਤਾਂ ਦਾ ਕਿਵੇਂ ਮੁਲੰਕਣ ਕੀਤਾ ਜਾਣਾ ਚਾਹੀਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਔਰਤਾਂ ਕਿਸੇ ਵੀ ਵਿਅਕਤੀ ਦੇ ਖਿਲਾਫ ਦੋਸ਼ ਲਾਉਂਦੀਆਂ ਹਨ, ਉਨ੍ਹਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਪੱਖ ਸੁਣਿਆ ਜਾਣਾ ਚਾਹੀਦਾ ਤੇ ਇਸ ਮਾਮਲੇ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਨਿੱਕੀ ਹੈਲੀ ਨੇ ਅੱਗੇ ਕਿਹਾ ਕਿ ਮੈਂ ਸਮਝਦੀ ਹਾਂ ਕਿ ਚੋਣਾਂ ਤੋਂ ਪਹਿਲਾਂ ਵੀ ਅਜਿਹੇ ਦੋਸ਼ਾਂ ਨੂੰ ਸੁਣਿਆ ਜਾਣਾ ਚਾਹੀਦਾ ਸੀ ਅਤੇ ਮੈਂ ਮੰਨਦੀ ਹਾਂ ਕਿ ਜਿਸ ਕਿਸੇ ਔਰਤ ਨਾਲ ਕਿਸੇ ਵੀ ਤਰ੍ਹਾਂ ਦਾ ਗਲਤ ਵਤੀਰਾ ਕੀਤਾ ਗਿਆ, ਉਸ ਨੂੰ ਬੋਲਣ ਦਾ ਪੂਰਾ ਹੱਕ ਹੈ।

ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਕੀ ਵੋਟਿੰਗ ਦਾ ਮਤਲਬ ਮੁੱਦਾ ਖਤਮ ਹੋ ਗਿਆ ਹੁੰਦਾ ਹੈ ਤਾਂ ਹੈਲੀ ਨੇ ਜਵਾਬ ਵਿਚ ਕਿਹਾ ਕਿ ਇਹ ਲੋਕਾਂ ਨੇ ਤੈਅ ਕਰਨਾ ਹੈ। ਮੈਂ ਜਾਣਦੀ ਹਾਂ ਕਿ ਟਰੰਪ ਜਨਤਾ ਵਲੋਂ ਚੁਣੇ ਗਏ ਨੇਤਾ ਹਨ, ਪਰ ਔਰਤਾਂ ਨੂੰ ਅੱਗੇ ਆਉਣ ਤੋਂ ਝਿਜਕਣਾ ਨਹੀਂ ਚਾਹੀਦਾ ਤੇ ਸਾਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ।

ਵਰਨਣ ਯੋਗ ਹੈ ਕਿ ਡੋਨਾਲਡ ਟਰੰਪ ਦੀਆਂ ਅਜਿਹੀਆਂ ਕੁਝ ਵੀਡੀਓ ਸਾਹਮਣੇ ਆਈਆਂ ਹਨ, ਜਿਸ ਵਿਚ ਉਹ ਔਰਤਾਂ ਨਾਲ ਛੇੜਛਾੜ ਕਰਨ ਵਿੱਚ ਸ਼ੇਖੀ ਮਾਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਉੱਤੇ ਯੌਨ ਸ਼ੋਸ਼ਣ ਦੇ ਦਰਜਨਾਂ ਤੋਂ ਵੀ ਵੱਧ ਦੋਸ਼ ਲੱਗੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੋਇਆ ਹੈ।