ਨਿਊ ਯੌਰਕ : ਇਸਲਾਮਿਕ ਸਟੇਟ ਅੱਤਵਾਦੀਆਂ ਤੋਂ ਪ੍ਰੇਰਿਤ ਇੱਕ ਆਤਮਘਾਤੀ ਹਮਲਾਵਰ ਨੇ ਪਾਈਪ ਬੰਬ ਬਣਾ ਕੇ ਆਪਣੇ ਨਾਲ ਬੰਨ੍ਹਿਆ ਤੇ ਚੁੱਪ ਚਾਪ ਦੇਸ਼ ਦੇ ਖਚਾਖਚ ਭਰੇ ਸਬਵੇਅ ਸਿਸਟਮ ਵਿੱਚ ਦਾਖਲ ਹੋ ਗਿਆ। ਸੋਮਵਾਰ ਨੂੰ ਉਸ ਨੇ ਭੀੜ ਭਾੜ ਵਾਲੇ ਸਮੇਂ ਉੱਤੇ ਇਸ ਡਿਵਾਈਸ ਨੂੰ ਐਕਟੀਵੇਟ ਕਰ ਦਿੱਤਾ ਤੇ ਉਹ ਕੁੱਝ ਲੋਕਾਂ ਨੂੰ ਜ਼ਖ਼ਮੀ ਕਰਨ ਵਿੱਚ ਕਾਮਯਾਬ ਹੋ ਗਿਆ।

ਮਸ਼ਕੂਕ ਦੀ ਪਛਾਣ 27 ਸਾਲਾ ਬੰਗਲਾਦੇਸ਼ੀ ਇਮੀਗ੍ਰੈਂਟ ਅਕਾਇਦ ਉਲ੍ਹਾ ਵਜੋਂ ਹੋਈ ਹੈ ਜੋ ਕਿ ਪਹਿਲਾਂ ਕੈਬ ਡਰਾਈਵਰ ਰਹਿ ਚੁੱਕਿਆ ਹੈ। ਇਸ ਹਮਲੇ ਕਾਰਨ ਸਾਰੇ ਰਾਹ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ ਤੇ ਰਾਹਗੀਰਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਵਿੱਚ ਹੋਏ ਇਸ ਤਰ੍ਹਾਂ ਦੇ ਬੰਬ ਧਮਾਕੇ ਕਾਰਨ ਤਿੰਨ ਵਿਅਕਤੀਆਂ ਨੂੰ ਸਿਰ ਦਰਦ ਦੀ ਸਿ਼ਕਾਇਤ ਹੋਈ ਤੇ ਕੁੱਝ ਦੇ ਕੰਨ ਵਿੱਚ ਘੰਟੀਆਂ ਵੱਜਣ ਵਰਗੀਆਂ ਆਵਾਜ਼ਾਂ ਆਉਣ ਲੱਗੀਆਂ।

ਡੈਮੋਕ੍ਰੈਟਿਕ ਮੇਅਰ ਬਿੱਲ ਡੀ ਬਲੇਸੀਓ ਨੇ ਆਖਿਆ ਕਿ ਇਹ ਅੱਤਵਾਦੀ ਹਮਲੇ ਦੀ ਹੀ ਕੋਸਿ਼ਸ਼ ਸੀ। ਉਨ੍ਹਾਂ ਆਖਿਆ ਕਿ ਸ਼ੁਕਰ ਇਸ ਗੱਲ ਦਾ ਹੈ ਕਿ ਮਸ਼ਕੂਕ ਬਹੁਤਾ ਨੁਕਸਾਨ ਨਹੀਂ ਕਰ ਸਕਿਆ। ਇਹ ਵੀ ਪਤਾ ਲੱਗਿਆ ਹੈ ਕਿ ਮਸ਼ਕੂਕ ਨੇ ਇਸਲਾਮਿਕ ਸਟੇਟ ਦਾ ਪ੍ਰਚਾਰ ਆਨਲਾਈਨ ਵੇਖਿਆ ਸੀ ਤੇ ਉਸ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਇਹ ਕੰਮ ਉਸ ਨੇ ਇੱਕਲੇ ਨੇ ਹੀ ਕੀਤਾ ਹੈ। ਉਹ ਅਮਰੀਕੀ ਫੌਜ ਤੇ ਪੁਲਿਸ ਅਧਿਕਾਰੀਆਂ ਤੋਂ ਬਦਲਾ ਲੈਣਾ ਚਾਹੁੰਦਾ ਸੀ।

ਵਾਸਿ਼ੰਗਟਨ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਖਿਆ ਕਿ ਇਸ ਧਮਾਕੇ ਤੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀ ਦੀ ਲੋੜ ਮਹਿਸੂਸ ਹੁੰਦੀ ਹੈ। ਉਨ੍ਹਾਂ ਆਖਿਆ ਕਿ ਪਰਿਵਾਰ ਅਧਾਰਤ ਵੀਜ਼ਾ, ਜੋ ਉਲ੍ਹਾ 2011 ਵਿੱਚ ਲੈ ਕੇ ਅਮਰੀਕਾ ਆਇਆ ਉਸ ਸਬੰਧ ਵਿੱਚ ਵੀ ਕੁੱਝ ਕੀਤੇ ਜਾਣ ਦੀ ਲੋੜ ਹੈ। ਸਾਨੂੰ ਆਪਣੇ ਇਮੀਗ੍ਰੇਸ਼ਨ ਸਿਸਟਮ ਵਿੱਚ ਸੋਧ ਕਰਨ ਦੀ ਲੋੜ ਹੈ। ਜਿ਼ਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਵਰਲਡ ਟਰੇਡ ਸੈਂਟਰ ਦੇ ਨੇੜੇ ਟਰੱਕ ਹਮਲੇ ਵਿੱਚ ਅੱਠ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ ਤੇ ਹੁਣ ਟਾਈਮਜ਼ ਸਕੁਏਅਰ ਦੇ ਨੇੜੇ ਇੱਕ ਹੋਰ ਹਮਲਾ ਹੋ ਜਾਣ ਕਾਰਨ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।