ਲਾਹੌਰ- ਭਾਰਤੀ-ਕੈਨੇਡੀਅਨ ਕਾਰੋਬਾਰੀ ਮਹਿਲਾ ਰਾਜਵਿੰਦਰ ਕੌਰ ਗਿੱਲ ਨੂੰ ਅਗਵਾ ਕਰ ਕੇ ਪਾਕਿਸਤਾਨ ਲਿਜਾਣ ਅਤੇ ਓਥੇ ਉਸ ਦੀ ਹੱਤਿਆ ਕਰਨ ਦੇ ਦੋਸ਼ ਹੇਠ ਫੜੇ ਹਾਫਿਜ਼ ਸ਼ਾਹਜ਼ਾਦ ਨੂੰ ਪਾਕਿਸਤਾਨ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਪੁਲਸ ਵੱਲੋਂ ਸ਼ਾਹਜ਼ਾਦ ਦੇ ਖ਼ਿਲਾਫ਼ ਠੋਸ ਸਬੂਤ ਪੇਸ਼ ਕਰਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਲਾਹੌਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਇਰਫਾਨ ਬਸਰਾ ਨੇ ਕੱਲ੍ਹ ਉਸ ਨੂੰ ਬਰੀ ਕੀਤਾ। ਅਦਾਲਤ ਨੇ ਮੁਕੱਦਮੇ ਵਿੱਚ ਸ਼ੱਕ ਦਾ ਲਾਭ ਦਿੰਦਿਆਂ ਦੋਸ਼ੀ ਨੂੰ ਇਹ ਰਾਹਤ ਦਿੱਤੀ ਹੈ।
ਵਰਨਣ ਯੋਗ ਹੈ ਕਿ ਰਾਜਵਿੰਦਰ ਕੌਰ ਭਾਰਤੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦੂਰ ਦੀ ਰਿਸ਼ਤੇਦਾਰ ਸੀ। ਪੰਜ ਸਾਲ ਪਹਿਲਾਂ ਲਾਹੌਰ ਪੁਲੀਸ ਨੇ ਰਾਜਵਿੰਦਰ ਕੌਰ ਗਿੱਲ ਦੇ ਪਿਤਾ ਸਿਕੰਦਰ ਸਿੰਘ ਗਿੱਲ ਦੀ ਸ਼ਿਕਾਇਤ ਉੱਤੇ ਹਾਫਿਜ਼ ਸ਼ਾਹਜ਼ਾਦ, ਸ਼ਾਹਿਦ ਗਜ਼ਨਫਰ ਉਰਫ਼ ਕ੍ਰਿਸ਼ਨਾ ਰਾਏ ਅਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ। ਕੇਸ ਦੀ ਮੁੱਢਲੀ ਰਿਪੋਰਟ ਦੇ ਮੁਤਾਬਕ ਰਾਜਵਿੰਦਰ ਕੌਰ 25 ਅਗਸਤ 2012 ਨੂੰ ਕੈਨੇਡਾ ਤੋਂ ਲਾਹੌਰ ਪੁੱਜੀ ਸੀ। ਉਸ ਕੋਲ ਕੈਨੇਡੀਅਨ ਪਾਸਪੋਰਟ, ਨਕਦੀ, ਲੈਪਟਾਪ, ਸੋਨੇ ਦੇ ਜ਼ੇਵਰਾਤ ਤੇ ਹੋਰ ਕੀਮਤੀ ਵਸਤਾਂ ਸਨ।
ਦਿੱਤੀ ਗਈ ਸ਼ਿਕਾਇਤ ਮੁਤਾਬਕ ਰਾਜਵਿੰਦਰ ਸ਼ਾਹਿਦ, ਹਾਫਿਜ਼ ਤੇ ਹੋਰਨਾਂ ਦੇ ਸੰਪਰਕ ਵਿੱਚ ਸੀ। ਸ਼ਾਹਿਦ ਨੇ ਹਾਫਿਜ਼ ਅਤੇ ਹੋਰਨਾਂ ਨਾਲ ਮਿਲ ਕੇ ਰਾਜਵਿੰਦਰ ਕੌਰ ਨੂੰ ਅਗਵਾ ਕਰ ਲਿਆ ਤੇ ਉਸ ਦਾ ਸਾਮਾਨ ਲੁੱਟਣ ਪਿੱਛੋਂ ਹੱਤਿਆ ਕਰ ਦਿੱਤੀ। ਸਿਕੰਦਰ ਸਿੰਘ ਗਿੱਲ ਦੇ ਵਕੀਲ ਆਫ਼ਤਾਬ ਅਹਿਮਦ ਬਾਜਵਾ ਨੇ ਕਿਹਾ ਕਿ ਦੋਸ਼ੀ ਨੇ ਮੈਜਿਸਟਰੇਟ ਸਾਹਮਣੇ ਆਪਣਾ ਜੁਰਮ ਕਬੂਲ ਲਿਆ ਸੀ ਕਿ ਉਨ੍ਹਾਂ ਨੇ ਰਾਜਵਿੰਦਰ ਦਾ ਸਾਮਾਨ ਲੁੱਟ ਕੇ ਉਸ ਨੂੰ ਮਾਰ ਦਿੱਤਾ ਸੀ ਤੇ ਲਾਸ਼ ਖਾਨਪੁਰ ਨਹਿਰ ਵਿੱਚ ਸੁੱਟ ਦਿੱਤੀ ਸੀ।
ਬਾਜਵਾ ਨੇ ਕਿਹਾ ਕਿ ਉਹ ਹੁਣ ਇਸ ਫ਼ੈਸਲੇ ਨੂੰ ਲਾਹੌਰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ। ਸ਼ਾਹਿਦ ਗਜ਼ਨਫਰ ਜੁਰਮ ਕਰਨ ਤੋਂ ਬਾਅਦ ਪਾਕਿਸਤਾਨ ਛੱਡ ਕੇ ਚਲਾ ਗਿਆ ਸੀ ਅਤੇ ਉਹ ਇਨ੍ਹਾਂ ਦਿਨਾਂ ਵਿੱਚ ਕੈਨੇਡਾ ਵਿੱਚੋਂ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਦੱਸਿਆ ਗਿਆ ਸੀ।