ਨਵੀਂ ਦਿੱਲੀ: ਭਾਰਤ ਨੇ ਕਸ਼ਮੀਰ ਬਾਰੇ ਪਾਕਿਸਤਾਨ ਤੇ ਚੀਨ ਦੇ ਸਾਂਝੇ ਬਿਆਨ ਦੀ ਨਿਖੇਧੀ ਕੀਤੀ ਹੈ। ਦਰਅਸਲ, ਇੱਕ ਦਿਨ ਪਹਿਲਾਂ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਪਾਕਿ ਦੌਰੇ 'ਤੇ ਸਨ। ਉਨ੍ਹਾਂ ਕਸ਼ਮੀਰ ਬਾਰੇ ਭਾਰਤ ਦੀ ਕਾਰਵਾਈ ਨੂੰ ਇਕਪਾਸੜ ਕਰਾਰ ਦਿੱਤਾ ਤੇ ਗੱਲਬਾਤ ਰਾਹੀਂ ਮਾਮਲੇ ਨੂੰ ਸੁਲਝਾਉਣ ‘ਤੇ ਜ਼ੋਰ ਦਿੱਤਾ। ਇਸ 'ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਕਸ਼ਮੀਰ 'ਤੇ ਦੋਵਾਂ ਦੇਸ਼ਾਂ ਦੇ ਬਿਆਨ ਨੂੰ ਨਕਾਰਦੇ ਹਾਂ।


ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਪਾਕਿ ਤੇ ਚੀਨ ਪੀਓਕੇ ਵਿੱਚ ਚੱਲ ਰਹੇ ਵੰਨ ਬੈਲਟ ਵੰਨ ਰੋਡ ਪ੍ਰੋਜੈਕਟ ਨੂੰ ਬੰਦ ਕਰੇ। ਉਨ੍ਹਾਂ ਕਿਹਾ ਕਿ ਭਾਰਤ ਪੀਓਕੇ ਵਿੱਚ ਚੀਨ ਤੇ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ 'ਚੀਨ-ਪਾਕਿਸਤਾਨ ਇਕਨਾਮਿਕ ਕੌਰੀਡੋਰ' (ਸੀਪੈਕ) ਦਾ ਲਗਾਤਾਰ ਵਿਰੋਧ ਕਰਦਾ ਰਿਹਾ ਹੈ, ਕਿਉਂਕਿ ਇਹ ਪ੍ਰੋਜੈਕਟ ਭਾਰਤ ਦੇ ਉਸ ਖੇਤਰ ਵਿੱਚ ਚਲਾਇਆ ਜਾ ਰਿਹਾ ਹੈ ਜਿਸ 'ਤੇ ਪਾਕਿਸਤਾਨ ਨੇ 1947 ਤੋਂ ਹੀ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।


ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਸਥਿਤੀ ਨੂੰ ਬਦਲਣ ਲਈ ਕਿਸੇ ਵੀ ਹੋਰ ਦੇਸ਼ ਦੇ ਯਤਨਾਂ ਦਾ ਵਿਰੋਧ ਕਰਦਾ ਹੈ। ਭਾਰਤ ਨੇ ਇਸ ਪ੍ਰਾਜੈਕਟ ਵਿੱਚ ਸ਼ਾਮਲ ਸਾਰੀਆਂ ਧਿਰਾਂ ਤੋਂ ਤੁਰੰਤ ਕਾਰਵਾਈ ਬੰਦ ਕਰਨ ਦੀ ਮੰਗ ਕੀਤੀ ਹੈ।