ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਬਰਕਰਾਰ ਹੈ। ਦੋਵਾਂ ਮੁਲਕਾਂ ਦੀਆਂ ਸਰਹੱਦ 'ਤੇ ਸਰਗਰਮੀਆਂ ਇਸ ਗੱਲ਼ ਦਾ ਸੰਕੇਤ ਦਿੰਦੀਆਂ ਹਨ। ਡੋਕਲਾਮ ’ਚ 73 ਦਿਨ ਤਕ ਚਲੇ ਟਕਰਾਅ ਮਗਰੋਂ ਚੀਨ ਨੇ ਹੁਣ ਅਰੁਣਾਚਲ ਪ੍ਰਦੇਸ਼ ਦੇ ਇੱਕ ਹਿੱਸੇ ’ਚ ਨਿਰਮਾਣ ਕਾਰਜ ਆਰੰਭ ਦਿੱਤੇ ਹਨ। ਦੂਜੇ ਪਾਸੇ ਭਾਰਤ ਨੇ ਤਿੱਬਤ ਨੇੜੇ ਚੀਨ ਨਾਲ ਲੱਗਦੀ ਸਰਹੱਦ ’ਤੇ ਫ਼ੌਜ ਦੇ ਵਧ ਜਵਾਨ ਤਾਇਨਾਤ ਕਰਦਿਆਂ ਉੱਥੇ ਗਸ਼ਤ ਵਧਾ ਦਿੱਤੀ ਹੈ।


ਮੀਡੀਆ ਰਿਪੋਰਟ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਕਿਬਿਥੂ ਇਲਾਕੇ ਦੇ ਦੂਜੇ ਪਾਸੇ ਟਾਟੂ ਖੇਤਰ ’ਚ ਚੀਨ ਨੇ ਬੁਨਿਆਦੀ ਢਾਂਚਾ ਤਿਆਰ ਕਰ ਲਿਆ ਹੈ ਜਿਨ੍ਹਾਂ ’ਚ ਚੀਨੀ ਫ਼ੌਜੀਆਂ (ਪੀਐਲਏ) ਦੇ ਕੈਂਪ ਤੇ ਘਰ ਸ਼ਾਮਲ ਹਨ। ਟਾਟੂ ਇਲਾਕੇ ’ਚ ਫ਼ੌਜੀ ਨਿਗਰਾਨ ਉਪਕਰਣਾਂ ਦੇ ਨਾਲ-ਨਾਲ ਚੀਨ ਨੇ ਚੌਕੀ ਤੇ ਦੂਰਸੰਚਾਰ ਟਾਵਰ ਵੀ ਬਣਾ ਲਏ ਹਨ।

ਚੀਨ ’ਚ ਭਾਰਤੀ ਸਫ਼ੀਰ ਗੌਤਮ ਬੰਬਾਵਲੇ ਨੇ ਹੁਣੇ ਜਿਹੇ ਦਾਅਵਾ ਕੀਤਾ ਸੀ ਕਿ ਡੋਕਲਾਮ ’ਚ ਚੀਨੀ ਫ਼ੌਜੀਆਂ ਵੱਲੋਂ ਦੁਬਾਰਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਏਐਨਆਈ ਵੱਲੋਂ ਜਾਰੀ ਤਸਵੀਰਾਂ ’ਚ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਇਲਾਕੇ ’ਚ ਉਸਾਰੀ ਦੇ ਕੰਮ ਸਪੱਸ਼ਟ ਤੌਰ ’ਤੇ ਦੇਖੇ ਜਾ ਸਕਦੇ ਹਨ। ਭਾਰਤ ਤੇ ਚੀਨ ਵਿਚਕਾਰ ਲੰਬੀ ਸਰਹੱਦ ਤਿੰਨ ਇਲਾਕਿਆਂ ’ਚ ਵੰਡੀ ਹੋਈ ਹੈ। ਇਨ੍ਹਾਂ ’ਚੋਂ ਇੱਕ ਇਲਾਕਾ ਪੱਛਮੀ ਲੱਦਾਖ ਤੇ ਅਕਸਾਈ-ਚਿਨ ਦਰਮਿਆਨ ਹੈ। ਦੂਜਾ ਮੱਧ ਖੇਤਰ ਉੱਤਰਾਖੰਡ ਤੇ ਤਿੱਬਤ ਵਿਚਕਾਰ ਤੇ ਤੀਜਾ ਪੂਰਬੀ ਖੇਤਰ ਤਿੱਬਤ ਨੂੰ ਸਿੱਕਮ ਤੇ ਅਰੁਣਾਚਲ ਤੋਂ ਵੱਖ ਕਰਦਾ ਹੈ।

ਉਧਰ ਭਾਰਤ ਨੇ ਤਿੱਬਤ ਨੇੜੇ ਚੀਨ ਨਾਲ ਲਗਦੀ ਸਰਹੱਦ ’ਤੇ ਫ਼ੌਜ ਦੇ ਵਧ ਜਵਾਨ ਤਾਇਨਾਤ ਕਰਦਿਆਂ ਉੱਥੇ ਗਸ਼ਤ ਵਧਾ ਦਿੱਤੀ ਹੈ। ਅਰੁਣਾਚਲ ਸੈਕਟਰ ਦੇ ਪਹਾੜੀ ਇਲਾਕਿਆਂ ਦਿਬਾਂਗ, ਦਾਊ-ਦੇਲਾਈ ਤੇ ਲੋਹਿਤ ਵਾਦੀਆਂ ’ਚ ਫ਼ੌਜ ਨੂੰ ਚੌਕਸ ਕਰ ਦਿੱਤਾ ਗਿਆ ਹੈ। ਫ਼ੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਨਿਗਰਾਨੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਰਣਨੀਤਕ ਤੌਰ ’ਤੇ ਸੰਵੇਦਨਸ਼ੀਲ ਤਿੱਬਤੀ ਖ਼ਿੱਤੇ ’ਚ ਸਰਹੱਦ ’ਤੇ ਚੀਨ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਸਕੇ।

ਭਾਰਤ ਵੱਲੋਂ ਟੋਹ ਲਈ ਹੈਲੀਕਾਪਟਰ ਵੀ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਖ਼ਤਰਨਾਕ ਇਲਾਕਿਆਂ ’ਚ ਆਪਣਾ ਦਬਦਬਾ ਬਣਾਏ ਜਾਣ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਤਾਂ ਜੋ ਚੀਨ ਦੇ ਵਧ ਰਹੇ ਅਸਰ ਦਾ ਟਾਕਰਾ ਕੀਤਾ ਜਾ ਸਕੇ।