ਵਾਸਿੰਗਟਨ: ਅਮਰੀਕਾ ਦੇ ਸਿਖਰਲੇ ਮਾਹਿਰ ਡਾ.ਐਂਥਨੀ ਫਾਊਚੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਭਾਰਤ ਨੇ ਗਲਤ ਧਾਰਨਾ ਬਣਾਈ ਕਿ ਉੱਥੇ ਕੋਵਿਡ-19 ਕੌਮਾਂਤਰੀ ਮਹਾਮਾਰੀ ਦਾ ਪ੍ਰਕੋਪ ਸਮਾਪਤ ਹੋ ਗਿਆ ਹੈ ਤੇ ਸਮੇਂ ਤੋਂ ਪਹਿਲਾਂ ਦੇਸ਼ ਨੂੰ ਖੋਲ ਦਿੱਤਾ ਜਿਸ ਨਾਲ ਉਹ ਅਜਿਹੇ ਗੰਭੀਰ ਸੰਕਟ 'ਚ ਫਸ ਗਿਆ ਹੈ। ਭਾਰਤ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਤੇ ਕਈ ਸੂਬੇ ਹਸਪਤਾਲ ਸਿਹਤ ਕਰਮੀਆਂ, ਟੀਕਿਆਂ, ਆਕਸੀਜਨ, ਦਵਾਈਆਂ ਤੇ ਬਿਸਤਰਿਆਂ ਦੀ ਕਮੀ ਨਾਲ ਜੂਝ ਰਹੇ ਹਨ।
ਫਾਊਚੀ ਨੇ ਕੋਵਿਡ-19 ਪ੍ਰਤੀਕਿਰਿਆ 'ਤੇ ਮੰਗਲਵਾਰ ਸੁਣਵਾਈ ਦੌਰਾਨ ਸੈਨੇਟ ਦੀ ਸਿਹਤ, ਸਿੱਖਿਆ, ਮਜਦੂਰੀ ਤੇ ਪੈਂਸ਼ਨ ਕਮੇਟੀ ਨੂੰ ਕਿਹਾ, 'ਭਾਰਤ ਅਜੇ ਜਿਸ ਗੰਭੀਰ ਸੰਕਟ 'ਚ ਹੈ, ਉਸ ਦੀ ਵਜ੍ਹਾ ਇਹ ਹੈ ਕਿ ਅਸਲ 'ਚ ਮਾਮਲੇ ਵਧ ਰਹੇ ਸਨ ਤੇ ਉਨ੍ਹਾਂ ਗਲਤ ਧਾਰਨਾ ਬਣਾਈ ਕਿ ਉੱਥੇ ਇਹ ਸਮਾਪਤ ਹੋ ਗਿਆ ਹੈ ਤੇ ਹੋਇਆ ਕੀ, ਉਨ੍ਹਾਂ ਸਮੇਂ ਤੋਂ ਪਹਿਲਾਂ ਸਭ ਖੋਲ ਦਿੱਤਾ ਤੇ ਹੁਣ ਅਜਿਹਾ ਸਿਖਰ ਉੱਥੇ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਅਸੀਂ ਸਾਰੇ ਜਾਣੂ ਹਾਂ ਕਿ ਕਿੰਨਾ ਤਬਾਹੀ ਵਾਲਾ ਹੈ।' ਇਹ ਸੱਚ ਵੀ ਹੈ ਕਿ ਕੋਰੋਨਾ ਵਾਇਰਸ ਨੇ ਕਿਸ ਤਰ੍ਹਾਂ ਹਾਹਾਕਾਰ ਮਚਾਈ ਹੋਈ ਹੈ।
ਡਾ.ਫਾਊਚੀ ਅਮਰੀਕਾ ਦੇ ਨੈਸ਼ਨਲ ਇੰਸਟੀਟਿਊਟ ਆਫ ਐਲਜੀ ਐਂਡ ਇਨਫੈਕਸ਼ਨ ਡਿਸੀਸਜ਼ ਦੇ ਨਿਰਦੇਸ਼ਕ ਹਨ ਤੇ ਰਾਸ਼ਟਰਪਤੀ ਜੋ ਬਾਇਡਨ ਦੇ ਮੁੱਖ ਮੈਡੀਕਲ ਸਲਾਹਕਾਰ ਵੀ ਹਨ। ਅਮਰੀਕਾ ਭਾਰਤ ਦੇ ਪ੍ਰਕੋਪ ਤੋਂ ਕੀ ਸਿੱਖ ਸਕਦਾ ਹੈ ਇਸ 'ਤੇ ਫਾਊਚੀ ਨੇ ਕਿਹਾ, 'ਸਭ ਤੋਂ ਮਹੱਤਵਪੂਰਨ ਚੀਜ਼ ਇਹ ਹੈ ਕਿ ਸਥਿਤੀ ਨੂੰ ਕਦੇ ਵੀ ਘੱਟ ਨਾ ਸਮਝਣ।' ਉਨ੍ਹਾਂ ਕਿਹਾ, 'ਦੂਜੀ ਚੀਜ਼ ਜਨ ਸਿਹਤ ਸਬੰਧੀ ਤਿਆਰੀ ਹੈ। ਤਿਆਰੀ ਜੋ ਭਵਿੱਖ ਦੀਆਂ ਮਹਾਮਾਰੀਆਂ ਲਈ ਅਸੀਂ ਕਰਨੀਆਂ ਹਨ।' ਦਰਅਸਲ ਕੋਰੋਨਾ ਵਾਇਰਸ ਏਨੀ ਛੇਤੀ ਜਾਣ ਵਾਲੀ ਬਿਮਾਰੀ ਨਹੀਂ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :