India-Pak Tension: ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨੀ ਵਿਚਾਲੇ ਤਣਾਅ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਇਸ ਟਕਰਾਅ ਦੌਰਾਨ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਜੋ ਕਈ ਸਵਾਲ ਖੜ੍ਹੇ ਕਰਦੀਆਂ ਹਨ। ਇਸ ਦੌਰਾਨ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਤਾਜ਼ਾ ਰਿਪੋਰਟ ਅਨੁਸਾਰ ਅਪ੍ਰੈਲ 2025 ਵਿੱਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਸਿਰਫ਼ ਦੋ ਮਹੀਨੇ ਪਹਿਲਾਂ ਇੱਕ ਪ੍ਰਮੁੱਖ ਅਮਰੀਕੀ ਸਪੇਸ ਟੈਕ ਕੰਪਨੀ ਮੈਕਸਰ ਟੈਕਨਾਲੋਜੀਜ਼ ਨੂੰ ਪਹਿਲਗਾਮ ਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਦੀਆਂ ਉੱਚ-ਰੈਜ਼ੋਲਿਊਸ਼ਨ ਸੈਟੇਲਾਈਟ ਤਸਵੀਰਾਂ ਲਈ ਥੋਕ ਆਰਡਰ ਮਿਲੇ ਸਨ।
ਜੀ ਹਾਂ, 2 ਤੋਂ 22 ਫਰਵਰੀ 2025 ਦੇ ਵਿਚਕਾਰ ਘੱਟੋ-ਘੱਟ 12 ਆਰਡਰ ਦਿੱਤੇ ਗਏ ਸਨ, ਜੋ ਆਮ ਗਿਣਤੀ ਤੋਂ ਦੁੱਗਣਾ ਹੈ। ਇਸ ਤੋਂ ਪਹਿਲਾਂ ਜੂਨ 2024 ਵਿੱਚ ਇੱਕ ਸ਼ੱਕੀ ਪਾਕਿਸਤਾਨੀ ਕੰਪਨੀ ਬਿਜ਼ਨੈੱਸ ਸਿਸਟਮਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ (BSI) ਨੂੰ ਮੈਕਸਰ ਦਾ ਨਵਾਂ "ਭਾਗੀਦਾਰ" ਬਣਾਇਆ ਗਿਆ ਸੀ। ਮੈਕਸਰ ਦੇ ਪੋਰਟਲ 'ਤੇ ਦੇਖੇ ਗਏ ਡੇਟਾ ਅਨੁਸਾਰ ਪਹਿਲਗਾਮ ਦੇ ਨਾਲ-ਨਾਲ ਪੁਲਵਾਮਾ, ਅਨੰਤਨਾਗ, ਪੁੰਛ, ਰਾਜੌਰੀ ਤੇ ਬਾਰਾਮੂਲਾ ਵਰਗੇ ਫੌਜੀ ਤੌਰ 'ਤੇ ਸੰਵੇਦਨਸ਼ੀਲ ਖੇਤਰਾਂ ਦੀਆਂ ਸੈਟੇਲਾਈਟ ਤਸਵੀਰਾਂ ਵੀ ਡਾਊਨਲੋਡ ਕੀਤੀਆਂ ਗਈਆਂ ਸਨ।
ਰਿਪੋਰਟ ਮੁਤਾਬਕ ਇਨ੍ਹਾਂ ਆਦੇਸ਼ਾਂ ਵਿੱਚ BSI ਦਾ ਸਿੱਧਾ ਨਾਮ ਨਹੀਂ ਪਰ ਅਮਰੀਕਾ ਵਿੱਚ ਇਸ ਦੇ ਸੰਸਥਾਪਕ ਓਬੈਦੁੱਲਾ ਸਈਦ ਦਾ ਅਪਰਾਧਿਕ ਰਿਕਾਰਡ ਇਸ 'ਸੰਜੋਗ' ਨੂੰ ਸ਼ੱਕੀ ਬਣਾਉਂਦਾ ਹੈ। ਓਬੈਦੁੱਲਾ ਸਈਦ ਨੂੰ ਇੱਕ ਅਮਰੀਕੀ ਸੰਘੀ ਅਦਾਲਤ ਨੇ ਬਿਨਾਂ ਇਜਾਜ਼ਤ ਪਾਕਿਸਤਾਨ ਪਰਮਾਣੂ ਊਰਜਾ ਕਮਿਸ਼ਨ (PAEC) ਨੂੰ ਉੱਚ-ਪ੍ਰਦਰਸ਼ਨ ਵਾਲੇ ਕੰਪਿਊਟਰ ਤੇ ਸੌਫਟਵੇਅਰ ਨਿਰਯਾਤ ਕਰਨ ਲਈ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਇਹ ਏਜੰਸੀ ਪ੍ਰਮਾਣੂ ਹਥਿਆਰਾਂ ਤੇ ਮਿਜ਼ਾਈਲ ਤਕਨਾਲੋਜੀ ਵਿੱਚ ਸ਼ਾਮਲ ਹੈ।
ਰੱਖਿਆ ਮਾਹਿਰਾਂ ਤੇ ਇਸਰੋ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਜਿਹੀਆਂ ਗਤੀਵਿਧੀਆਂ ਭਾਰਤ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹਨ। ਇਸ ਤਰ੍ਹਾਂ ਅੱਤਵਾਦੀ ਫੌਜੀ ਗਤੀਵਿਧੀਆਂ, ਚੌਕੀਆਂ, ਹਥਿਆਰਾਂ ਦੇ ਸਥਾਨਾਂ ਤੇ ਬੁਨਿਆਦੀ ਢਾਂਚੇ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। 10 ਸੈਂਟੀਮੀਟਰ ਜਾਂ 30 ਸੈਂਟੀਮੀਟਰ ਰੈਜ਼ੋਲਿਊਸ਼ਨ ਵਾਲੀਆਂ ਤਸਵੀਰਾਂ ਇੰਨੀਆਂ ਉੱਚੀਆਂ ਸਪਸ਼ਟਤਾ ਨਾਲ ਹੁੰਦੀਆਂ ਹਨ ਕਿ ਸੜਕ 'ਤੇ ਤੁਰਨ ਵਾਲੇ ਵਿਅਕਤੀ ਦੀ ਪਛਾਣ ਕਰਨਾ ਸੰਭਵ ਹੁੰਦਾ ਹੈ।
ਉਧਰ, ਮੈਕਸਰ ਦਾ ਕਹਿਣਾ ਹੈ ਕਿ ਕੋਈ ਵੀ ਗਾਹਕ ਜੋ ਭੁਗਤਾਨ ਕਰਦਾ ਹੈ, ਉਹ ਦੂਜੇ ਗਾਹਕਾਂ ਦੁਆਰਾ ਆਰਡਰ ਕੀਤੀਆਂ ਤਸਵੀਰਾਂ ਦੇਖ ਸਕਦਾ ਹੈ ਜਦੋਂ ਤੱਕ ਕਿ ਇਹ "ਰਣਨੀਤਕ" ਨਾ ਹੋਵੇ, ਪਰ ਮੈਕਸਰ ਆਪਣੇ ਗਾਹਕਾਂ ਦੀ ਪਛਾਣ ਗੁਪਤ ਰੱਖਦਾ ਹੈ। ਘੱਟੋ-ਘੱਟ 11 ਭਾਰਤੀ ਸਪੇਸ ਟੈਕ ਸਟਾਰਟਅੱਪ ਜਿਨ੍ਹਾਂ ਵਿੱਚ ਭਾਰਤ ਸਰਕਾਰ ਦਾ ਰੱਖਿਆ ਮੰਤਰਾਲਾ ਤੇ ਇਸਰੋ ਸ਼ਾਮਲ ਹਨ, ਮੈਕਸਰ ਦੇ ਗਾਹਕ ਹਨ। ਮੈਕਸਰ ਦਾ ਦਾਅਵਾ ਹੈ ਕਿ ਇਹ ਵਪਾਰਕ ਸੈਟੇਲਾਈਟ ਇਮੇਜਰੀ ਦੀਆਂ ਸਭ ਤੋਂ ਵਿਆਪਕ ਸੇਵਾਵਾਂ ਪ੍ਰਦਾਨ ਕਰਦਾ ਹੈ।
ਕੰਪਨੀ ਅਨੁਸਾਰ ਇਹ ਸਿੰਥੈਟਿਕ ਅਪਰਚਰ ਰਾਡਾਰ (SAR) ਤਕਨਾਲੋਜੀ ਦੀ ਵਰਤੋਂ ਕਰਦਾ ਹੈ, ਜਿਸ ਦੀ ਮਦਦ ਨਾਲ ਬੱਦਲਾਂ ਤੇ ਹਨੇਰੇ ਦੇ ਵਿਚਕਾਰ ਵੀ ਜ਼ਮੀਨ ਦੀਆਂ ਸਪਸ਼ਟ ਤਸਵੀਰਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਹ ਤਕਨਾਲੋਜੀ ਖਾਸ ਤੌਰ 'ਤੇ ਉਨ੍ਹਾਂ ਸਥਿਤੀਆਂ ਵਿੱਚ ਲਾਭਦਾਇਕ ਹੈ ਜਿੱਥੇ ਮੌਸਮ ਸਾਫ਼ ਨਹੀਂ ਹੁੰਦਾ ਜਾਂ ਰਾਤ ਨੂੰ ਨਿਗਰਾਨੀ ਕਰਨੀ ਪੈਂਦੀ ਹੈ। SAR ਇਮੇਜਰੀ ਮੈਕਸਰ ਨੂੰ ਦਿਨ ਤੇ ਰਾਤ ਤੇ ਹਰ ਮੌਸਮ ਵਿੱਚ ਨਿਗਰਾਨੀ ਕਰਨ ਦੀ ਸਮਰੱਥਾ ਦਿੰਦੀ ਹੈ।
ਭਾਰਤ ਵਰਤਮਾਨ ਵਿੱਚ ਉੱਚ-ਰੈਜ਼ੋਲਿਊਸ਼ਨ ਸੈਟੇਲਾਈਟ ਇਮੇਜਰੀ ਲਈ ਵਿਦੇਸ਼ੀ ਕੰਪਨੀਆਂ 'ਤੇ ਅੰਸ਼ਕ ਤੌਰ 'ਤੇ ਨਿਰਭਰ ਹੈ। ਇਸਰੋ ਆਉਣ ਵਾਲੇ ਸਾਲਾਂ ਵਿੱਚ ਕਈ ਨਿਗਰਾਨੀ ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ, ਪਰ ਉਦੋਂ ਤੱਕ ਵਿਦੇਸ਼ੀ ਕੰਪਨੀਆਂ ਸੁਰੱਖਿਆ 'ਤੇ ਆਪਣਾ ਕਬਜ਼ਾ ਬਣਾਈ ਰੱਖਣਗੀਆਂ। ਭਾਰਤ ਦੀਆਂ ਭੂ-ਸਥਾਨਕ ਡੇਟਾ ਦਿਸ਼ਾ-ਨਿਰਦੇਸ਼ ਤੇ ਰਿਮੋਟ ਸੈਂਸਿੰਗ ਨੀਤੀ ਅਜਿਹੇ ਸੰਵੇਦਨਸ਼ੀਲ ਖੇਤਰਾਂ ਦੀਆਂ ਤਸਵੀਰਾਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਵਿਦੇਸ਼ੀ ਕੰਪਨੀਆਂ 'ਤੇ ਉਨ੍ਹਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ।
ਅਮਰੀਕੀ ਸਰਕਾਰ ਘੇਰੇ ਵਿੱਚ?
ਇੱਥੇ ਇੱਕ ਸਵਾਲ ਉੱਠਦਾ ਹੈ ਕਿ ਇੱਕ ਅਮਰੀਕੀ ਕੰਪਨੀ ਭਾਰਤ ਦੇ ਸਰਹੱਦੀ ਖੇਤਰਾਂ ਦੀਆਂ ਤਸਵੀਰਾਂ ਪਾਕਿਸਤਾਨ ਨੂੰ ਵੇਚ ਰਹੀ ਹੈ ਤੇ ਉਹ ਵੀ ਬਿਨਾਂ ਪਿਛੋਕੜ ਦੀ ਤਸਦੀਕ ਦੇ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਕਰ ਰਹੇ ਹਨ। ਤਕਨੀਕੀ ਤੌਰ 'ਤੇ ਇਹ ਭਾਰਤ ਦੀ ਜਾਸੂਸੀ ਹੈ ਜਿਸ ਨੂੰ ਤੁਰੰਤ ਰੋਕਣ ਦੀ ਲੋੜ ਹੈ।
ਭਾਰਤ ਸਰਕਾਰ ਨੂੰ ਮੈਕਸਰ ਵਿਰੁੱਧ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ ਤੇ ਪੁੱਛਣਾ ਚਾਹੀਦਾ ਹੈ ਕਿ ਕਿਹੜੇ ਸੰਗਠਨਾਂ ਨੇ ਇਹ ਤਸਵੀਰਾਂ ਆਰਡਰ ਕੀਤੀਆਂ ਸਨ। ਇਸ ਤੋਂ ਇਲਾਵਾ, ਅਜਿਹੀਆਂ ਕੰਪਨੀਆਂ 'ਤੇ ਪਾਕਿਸਤਾਨ ਵਰਗੀਆਂ ਸ਼ੱਕੀ ਏਜੰਸੀਆਂ ਨਾਲ ਆਪਣੀ ਭਾਈਵਾਲੀ ਨੂੰ ਰੋਕਣ ਲਈ ਦਬਾਅ ਪਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਨਿਗਰਾਨੀ ਸਮਰੱਥਾ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਵਿਦੇਸ਼ੀ ਸੇਵਾ ਪ੍ਰਦਾਤਾਵਾਂ 'ਤੇ ਨਿਰਭਰਤਾ ਘੱਟ ਹੋਵੇ।