ਨਵੀਂ ਦਿੱਲੀ: ਜਾਸੂਸੀ ਵਿਵਾਦ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਕੂਟਨੀਤਕ ਫ਼ਰੰਟ ਉੱਤੇ ਤਣਾਅ ਵਧਦਾ ਜਾ ਰਿਹਾ ਹੈ। ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਦੋਵੇਂ ਦੇਸ਼ ਆਪੋ-ਆਪਣੇ ਹਾਈ ਕਮਿਸ਼ਨ ਨੂੰ ਵਾਪਸ ਬੁਲਾ ਸਕਦੇ ਹਨ। ਇਸ ਤੋਂ ਇਲਾਵਾ ਕੂਟਨੀਤਕ ਸਟਾਫ਼ ਵਿੱਚ ਕਟੌਤੀ ਹੋ ਸਕਦੀ ਹੈ।
ਯਾਦ ਰਹੇ ਕਿ ਪਾਕਿਸਤਾਨ ਹਾਈ ਕਮਿਸ਼ਨ ਦਾ ਇੱਕ ਅਫ਼ਸਰ ਮਹਿਮੂਦ ਅਖ਼ਤਰ ਕੁਝ ਦਿਨ ਪਹਿਲਾਂ ਜਾਸੂਸੀ ਦੇ ਦੋਸ਼ ਵਿੱਚ ਦਿੱਲੀ ਪੁਲਿਸ ਨੇ ਰੰਗੇ ਹੱਥੀਂ ਕਾਬੂ ਕੀਤਾ ਸੀ। ਇਸ ਤੋਂ ਬਾਅਦ ਭਾਰਤ ਨੇ ਅਖ਼ਤਰ ਨੂੰ ਤੁਰੰਤ ਦੇਸ਼ ਛੱਡ ਕੇ ਜਾਣ ਲਈ ਆਖ ਦਿੱਤਾ ਸੀ। ਇਸ ਤੋਂ ਇਲਾਵਾ ਪਾਕਿਸਤਾਨ ਨੇ ਦਿੱਲੀ ਸਥਿਤ ਆਪਣੇ ਦੂਤਾਵਾਸ ਦੇ ਛੇ ਹੋਰ ਅਧਿਕਾਰੀ ਵਾਪਸ ਬੁਲਾ ਲਏ ਸਨ।
ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਪਾਕਿਸਤਾਨ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਉੱਤੇ ਜਾਸੂਸੀ ਦਾ ਦੋਸ਼ ਮੜ੍ਹ ਦਿੱਤਾ। ਇੱਥੇ ਹੀ ਬੱਸ ਨਹੀਂ ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਦੇ ਨਾਮ ਜਨਤਕ ਵੀ ਕਰ ਦਿੱਤੇ ਹਨ, ਜਿਸ ਤੋਂ ਬਾਅਦ ਭਾਰਤ ਨੇ ਆਪਣੇ ਅੱਠ ਅਫ਼ਸਰਾਂ ਨੂੰ ਵਾਪਸ ਬੁਲਾਏ ਜਾਣ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ ਪਾਕਿਸਤਾਨ ਦੇ ਦਾਅਵੇ ਉੱਤੇ ਹੀ ਹੁਣ ਉੱਥੋਂ ਦੇ ਮੀਡੀਆ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਪਾਕਿਸਤਾਨ ਦੇ ਅਖ਼ਬਾਰ ਨੇਸ਼ਨ ਅਨੁਸਾਰ ਜੇਕਰ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਜਾਸੂਸੀ ਕਰਦੇ ਸਨ ਤਾਂ ਪਾਕਿਸਤਾਨ ਨੇ ਇਨ੍ਹਾਂ ਦਾ ਨਾਮ ਜਨਤਕ ਕਰਨ ਵਿੱਚ ਇੰਨੀ ਦੇਰ ਕਿਉਂ ਲਾਈ।
ਪਾਕਿਸਤਾਨ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਦੋਵਾਂ ਦੇਸਾਂ ਦੇ ਆਪੋ-ਆਪਣੇ ਹਾਈ ਕਮਿਸ਼ਨ ਵਿੱਚ ਸਟਾਫ਼ ਘੱਟ ਕੀਤੇ ਜਾਣ ਦੀ ਖ਼ਬਰ ਛਾਪੀ ਹੈ। ਅਖ਼ਬਾਰ ਨੇ ਹਾਈ ਕਮਿਸ਼ਨ ਨੂੰ ਵਾਪਸ ਬੁਲਾਏ ਜਾਣ ਦੀ ਗੱਲ ਵੀ ਆਖੀ ਹੈ। ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਦੋਵੇਂ ਦੇਸ ਇਹ ਜਾਣਦੇ ਹਨ ਕਿ ਹਾਈ ਕਮਿਸ਼ਨ ਵਿੱਚ ਕੁਝ ਸਟਾਫ਼ ਅੰਡਰ ਕਵਰ ਕੰਮ ਕਰਦਾ ਹੈ ਤੇ ਉਹ ਕੰਮ ਉਹ ਅਧਿਕਾਰਤ ਜਾਣਕਾਰੀ ਦੇ ਨਾਲ ਕਰਦੇ ਹਨ।