ਲੰਡਨ: ਬਰਤਾਨੀਆ ਨੇ ਵਧਦੇ ਇਮੀਗ੍ਰੇਸ਼ਨ ਅੰਕੜੇ ਉੱਤੇ ਕਾਬੂ ਪਾਉਣ ਲਈ ਗੈਰ ਯੂਰਪੀਅਨ ਯੂਨੀਅਨ ਦੇਸ਼ ਦੇ ਲੋਕਾਂ ਲਈ ਆਪਣੀ ਵੀਜ਼ਾ ਨੀਤੀ ਵਿੱਚ ਫੇਰਬਦਲ ਕੀਤਾ ਹੈ। ਬਰਤਾਨੀਆ ਦੀ ਇਸ ਨੀਤੀ ਦਾ ਸਭ ਤੋਂ ਵੱਧ ਅਸਰ ਭਾਰਤੀ ਆਈ.ਟੀ. ਮਾਹਿਰ ਪ੍ਰਭਾਵਿਤ ਹੋਣਗੇ। ਬਰਤਾਨੀਆ ਨੇ ਇਹ ਐਲਾਨ ਉਸ ਸਮੇਂ ਕੀਤਾ ਹੈ ਜਦੋਂ ਥੈਰਜਾ ਮੇਅ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ਼ਣ ਤੋਂ ਬਾਅਦ ਪਹਿਲੀ ਵਾਰ ਭਾਰਤ ਦੌਰੇ ਉੱਤੇ ਆ ਰਹੇ ਹਨ।

ਬਰਤਾਨੀਆ ਦੇ ਗ੍ਰਹਿ ਵਿਭਾਗ ਵੱਲੋਂ ਨਵੀਂ ਵੀਜ਼ਾ ਨੀਤੀ ਬਾਰੇ ਜੋ ਜਾਣਕਾਰੀ ਜਾਰੀ ਕੀਤੀ ਗਈ ਹੈ, ਉਸ ਅਨੁਸਾਰ ਟੀਅਰ 2 ਇੰਟਰਾ ਕੰਪਨੀ ਟਰਾਂਸਫ਼ਰ ਕੈਟਾਗਰੀ ਲਈ 24 ਨਵੰਬਰ ਤੋਂ ਬਾਅਦ ਅਰਜ਼ੀ ਦੇਣ ਵਾਲਿਆਂ ਲਈ ਜ਼ਰੂਰੀ ਤਨਖ਼ਾਹ ਦੀ ਘੱਟੋ-ਘੱਟ ਲਿਮਟ 30 ਹਜ਼ਾਰ ਪੌਂਡ ਹੋਵੇਗੀ। ਪਹਿਲਾਂ ਇਹ ਸ਼ਰਤ 20,800 ਪੌਂਡ ਸੀ। ਆਈ.ਸੀ.ਟੀ. ਰੂਟ ਦਾ ਇਸਤੇਮਾਲ ਜ਼ਿਆਦਾਤਰ ਬਰਤਾਨੀਆ ਸਥਿਤ ਭਾਰਤੀ ਆਈ.ਟੀ. ਕੰਪਨੀਆਂ ਕਰਦੀਆਂ ਹਨ।

ਬਰਤਾਨੀਆ ਦੀ ਮਾਈਗਰੇਸ਼ਨ ਕਮੇਟੀ ਨੇ ਪਾਇਆ ਹੈ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਇਸ ਤਰੀਕੇ ਨਾਲ ਕਰੀਬ 90 ਫ਼ੀਸਦੀ ਭਾਰਤੀ ਆਈ.ਟੀ. ਮਾਹਿਰਾਂ ਨੂੰ ਇਹ ਵੀਜ਼ਾ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਟੀਅਰ 2 ਗਰੈਜੂਏਟ ਟੇਰਨੀਆਂ ਲਈ ਸੈਲਰੀ ਦੀ ਲਿਮਟ 23 ਹਜ਼ਾਰ ਪੌਂਡ ਦੀ ਸ਼ਰਤ ਕਰ ਦਿੱਤੀ ਗਈ ਹੈ।

 ਟੀਅਰ 4 ਕੈਟਾਗਰੀ ਵਿੱਚ ਕੁਝ ਫੇਰਬਦਲ ਕੀਤਾ ਗਿਆ ਹੈ ਜਿਸ ਵਿੱਚ ਡਾਕਟਰੇਟ ਐਕਸਟੈਨਸ਼ਨ ਸਕੀਮ ਦਾ ਮੈਂਟੀਨੈਸ਼ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਨਵੀਂ ਅੰਗਰੇਜ਼ੀ ਨੀਤੀ ਵੀ ਬਰਤਾਨੀਆ ਨੇ ਲਾਗੂ ਕੀਤੀ ਹੈ।

ਨਵੇਂ ਨਿਯਮਾਂ ਅਨੁਸਾਰ ਜੇਕਰ ਕਿਸੇ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਢਾਈ ਸਾਲ ਤੋਂ ਜ਼ਿਆਦਾ ਸਮੇਂ ਤੱਕ ਬਰਤਾਨੀਆ ਵਿੱਚ ਰੱਖਣਾ ਹੋਵੇਗਾ ਤਾਂ ਉਨ੍ਹਾਂ ਨੂੰ ਫਾਈਵ ਈਯਰ ਰੂਟ ਟੂ ਰੈਜ਼ੀਡੈਂਸੀ ਸੈਟਲਮੈਂਟ ਦੇ ਤਹਿਤ ਇਸ ਸ਼ਰਤ ਨੂੰ ਪੂਰਾ ਕਰਨਾ ਹੋਵੇਗਾ।ਬਰਤਾਨੀਆ ਨੇ ਨਵੇਂ ਵੀਜ਼ਾ ਨਿਯਮ 24 ਨਵੰਬਰ ਤੋਂ ਲਾਗੂ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ।