ਨਵੀਂ ਦਿੱਲੀ: ਕਰਤਾਰਪੁਰ ਲਾਂਘੇ 'ਤੇ ਆਉਂਦੀ ਦੋ ਅਪਰੈਲ ਨੂੰ ਹੋਣ ਵਾਲੀ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤ ਨੇ ਇਸ ਮਾਮਲੇ ਬਾਰੇ ਪਾਕਿਸਤਾਨ ਦੀ ਕਮੇਟੀ 'ਚ ਖ਼ਾਲਿਸਤਾਨੀ ਪੱਖੀ ਲੀਡਰਾਂ ਦੀ ਮੌਜੂਦਗੀ 'ਤੇ ਸਵਾਲ ਚੁੱਕਦਿਆਂ ਬੈਠਕ ਨੂੰ ਅੱਗੇ ਪਾ ਦਿੱਤਾ ਹੈ। ਬੈਠਕ ਮੁਲਤਵੀ ਹੋਣ ਦੀ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਦਿੱਤੀ ਹੈ।

ਜ਼ਰੂਰ ਪੜ੍ਹੋ- ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ਸ਼ਾਂਤ, 2 ਅਪਰੈਲ ਨੂੰ ਮੁੜ ਮਿਲਣ ਦਾ ਵਾਅਦਾ

ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਸੂਚਿਤ ਕੀਤਾ ਹੈ ਕਿ ਕੌਰੀਡੋਰ ਸਬੰਧੀ ਅਗਲੀ ਬੈਠਕ ਪਾਕਿਸਤਾਨ ਦੇ ਜਵਾਬ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਭਾਰਤ ਨੇ ਖ਼ਾਲਿਸਤਾਨ ਪੱਖੀ ਗੋਪਾਲ ਚਾਵਲਾ ਦੀ ਪਾਕਿਸਤਾਨ ਦੇ ਪੈਨਲ ਵਿੱਚ ਮੌਜੂਦਗੀ 'ਤੇ ਸਵਾਲ ਚੁੱਕੇ ਸਨ।


ਭਾਰਤ ਦਾ ਕਹਿਣਾ ਹੈ ਕਿ ਉਸ ਨੂੰ ਪੈਨਲ ਤੋਂ ਬਾਹਰ ਕੀਤੇ ਜਾਣ ਮਗਰੋਂ ਹੀ ਲਾਂਘੇ ਦੀਆਂ ਸ਼ਰਤਾਂ ਤੈਅ ਕਰਨ ਦੀ ਗੱਲ ਅੱਗੇ ਵੱਧ ਸਕਦੀ ਹੈ। 14 ਮਾਰਚ ਨੂੰ ਭਾਰਤ ਵਾਲੇ ਪਾਸੇ ਅਟਾਰੀ ਸਰਹੱਦ 'ਤੇ ਦੋਵਾਂ ਦੇਸ਼ਾਂ ਦੀ ਬੈਠਕ ਹੋਈ ਸੀ, ਜਿਸ ਵਿੱਚ ਲਾਂਘੇ ਬਾਰੇ ਕਈ ਚਰਚਾਵਾਂ ਹੋਈਆਂ ਸਨ।

ਇਹ ਵੀ ਪੜ੍ਹੋ- ਕਰਤਰਾਪੁਰ ਲਾਂਘੇ ਬਾਰੇ ਅਹਿਮ ਫੈਸਲੇ, ਦੋਵਾਂ ਦੇਸਾਂ ਵੱਲੋਂ ਸ਼ਰਤਾਂ ਤੈਅ, ਪਾਸਪੋਰਟ ਲਾਜ਼ਮੀ, ਪੈਦਲ ਜਾਣ ਦੀ ਸਹੂਲਤ..!

ਭਾਰਤ ਵੱਲੋਂ ਸ਼ਰਧਾਲੂਆਂ ਨੂੰ ਬਗ਼ੈਰ ਵੀਜ਼ਾ ਤੇ ਪੈਦਲ ਆਉਣ-ਜਾਣ ਦੀ ਖੁੱਲ੍ਹ ਅਤੇ ਯਾਤਰੂਆਂ ਦੀ ਗਿਣਤੀ ਬਾਰੇ ਪਾਕਿਸਤਾਨ ਨੂੰ ਦੱਸਿਆ ਸੀ। ਹੁਣ ਪਾਕਿਸਤਾਨ ਨੇ ਪਿਛਲੀ ਬੈਠਕ ਵਿੱਚ ਵਿਚਾਰੀਆਂ ਗੱਲਾਂ 'ਤੇ ਆਪਣਾ ਪ੍ਰਤੀਕਰਮ ਦੇਣਾ ਸੀ, ਜਿਸ ਕਾਰਨ ਦੋ ਅਪਰੈਲ ਵਾਲੀ ਬੈਠਕ ਕਾਫੀ ਅਹਿਮ ਸੀ।