India Canada Conflict: ਭਾਰਤ ਤੇ ਕੈਨੇਡਾ ਵਿਵਾਦ ਦੇ ਵਿਚਕਾਰ ਵੱਡੀ ਖਬਰ ਸਾਹਮਣੇ ਆਈ ਹੈ। ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਬਾਰੇ ਅਮਰੀਕਾ ਨੇ ਕੈਨੇਡਾ ਨਾਲ ਖੁਫੀਆ ਜਾਣਕਾਰੀ ਸਾਂਝੀ ਕੀਤੀ ਸੀ।


ਨਿਊਯਾਰਕ ਟਾਈਮਜ਼ ਦੀ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਵੈਨਕੂਵਰ ਇਲਾਕੇ 'ਚ ਖਾਲਿਸਤਾਨੀ ਨੇਤਾ ਦੇ ਕਤਲ ਤੋਂ ਬਾਅਦ ਅਮਰੀਕੀ ਖੁਫੀਆ ਏਜੰਸੀਆਂ ਨੇ ਕੈਨੇਡਾ ਨੂੰ ਸੂਚਨਾ ਭੇਜੀ ਸੀ, ਪਰ ਕੈਨੇਡਾ ਨੇ ਭਾਰਤ ਖਿਲਾਫ ਖੁਫੀਆ ਜਾਣਕਾਰੀ ਨੂੰ ਅੰਤ ਵਿੱਚ ਵਰਤਿਆ ਤੇ ਇਸ ਆਧਾਰ 'ਤੇ ਹੀ ਭਾਰਤ 'ਤੇ ਕਤਲ ਦੀ ਸਾਜਿਸ਼ ਰਤਣ ਦਾ ਦੋਸ਼ ਲਾਇਆ ਗਿਆ ਸੀ।


ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਖੁਫੀਆ ਏਜੰਸੀਆਂ ਨੇ ਕੈਨੇਡਾ 'ਚ ਭਾਰਤੀ ਡਿਪਲੋਮੈਟਾਂ ਦੀ ਗੱਲਬਾਤ ਨੂੰ ਇੰਟਰਸੈਪਟ ਕੀਤਾ ਸੀ। ਇਸ ਜਾਣਕਾਰੀ ਨੂੰ ਕੈਨੇਡਾ ਭੇਜਿਆ ਗਿਆ ਸੀ ਤੇ ਇਸ ਦੇ ਆਧਾਰ 'ਤੇ ਹੀ ਭਾਰਤ ਉੱਪਰ ਦੋਸ਼ ਲਾਏ ਗਏ ਹਨ।


ਉਧਰ, ਭਾਰਤ ਸਰਕਾਰ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨਾਲ ਕੋਈ ਸਬੂਤ ਸਾਂਝਾ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਜਾਣਕਾਰੀ ਦਿੱਤੀ ਗਈ, ਜਦਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹਫ਼ਤਾ ਪਹਿਲਾਂ ਭਾਰਤ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਸੂਤਰਾਂ ਨੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਨੂੰ ਲੈ ਕੇ ਕਿਹਾ ਹੈ ਕਿ ਉਹ ਲਿਖਣਾ ਚਾਹੁੰਦੇ ਹਨ ਉਨ੍ਹਾਂ ਨੂੰ ਲਿਖਣ ਦਿਓ।


ਇਹ ਵੀ ਪੜ੍ਹੋ: India Canada Dispute: ਕੈਨੇਡਾ ਨੇ ਖਾਲਿਸਤਾਨੀ ਨਿੱਝਰ ਦੀ ਹੱਤਿਆ ਬਾਰੇ ਸਬੂਤ ਭਾਰਤ ਨੂੰ ਸੌਂਪੇ, ਜਸਟਿਨ ਟਰੂਡੋ ਦਾ ਇੱਕ ਹੋਰ ਵੱਡਾ ਦਾਅਵਾ


ਕੀ ਹੈ ਪੂਰਾ ਮਾਮਲਾ?
ਕੈਨੇਡਾ ਤੇ ਭਾਰਤ ਦਰਮਿਆਨ ਤਣਾਅ ਦਾ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਹ ਦੋਸ਼ ਹੈ ਕਿ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਹੋ ਸਕਦੀ ਹੈ। ਇਸ ਤੋਂ ਬਾਅਦ ਕੈਨੇਡਾ ਨੇ ਭਾਰਤੀ ਡਿਪਲੋਮੈਟ ਪਵਨ ਕੁਮਾਰ ਰਾਏ ਨੂੰ ਵਾਪਸ ਭਾਰਤ ਭੇਜ ਦਿੱਤਾ। ਇਸ ਦੇ ਜਵਾਬ 'ਚ ਭਾਰਤ ਨੇ ਵੀ ਕੈਨੇਡੀਅਨ ਡਿਪਲੋਮੈਟ ਨੂੰ ਵਾਪਸ ਭੇਜ ਦਿੱਤਾ ਹੈ।


ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੋਸ਼ਾਂ ਤੇ ਜਵਾਬੀ ਦੋਸ਼ਾਂ ਦਾ ਦੌਰ ਚੱਲ ਰਿਹਾ ਹੈ। ਇਸ ਦੌਰਾਨ ਵਪਾਰਕ ਸਮਝੌਤਾ ਵੀ ਟਾਲ ਦਿੱਤਾ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਭਾਰਤ 'ਤੇ ਦੋਸ਼ਾਂ ਤੋਂ ਬਾਅਦ ਕੈਨੇਡਾ 'ਚ ਹਿੰਦੂ ਪ੍ਰਵਾਸੀਆਂ ਨੂੰ ਧਮਕੀਆਂ ਦੇਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।


ਇਹ ਵੀ ਪੜ੍ਹੋ: Bengaluru bandh: ਕਾਵੇਰੀ ਵਿਵਾਦ ਨੂੰ ਲੈ ਕੇ ਵੱਖ-ਵੱਖ ਸੰਗਠਨਾਂ ਨੇ ਬੇਂਗਲੁਰੂ ਬੰਦ ਦਾ ਦਿੱਤਾ ਸੱਦਾ