ਦੁਬਈ: ਭਾਰਤ ਤੇ ਪਾਕਿਸਤਾਨ ਦਰਮਿਆਨ ਨਿਊਯਾਰਕ ਵਿੱਚ ਹੋਣ ਵਾਲੀ ਮੀਟਿੰਗ ਭਾਵੇਂ ਰੱਦ ਹੋ ਗਈ ਹੋਵੇ, ਪਰ ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਅੱਜ ਯਾਨੀ ਐਤਵਾਰ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ-4 ਦਾ ਫ਼ੈਸਲਾਕੁਨ ਇੱਕ ਰੋਜ਼ਾ ਮੈਚ ਜ਼ਰੂਰ ਖੇਡਣਗੀਆਂ। ਇਹ ਮੁਕਾਬਲਾ ਜਿੱਤਣ ਵਾਲੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ। ਦੋਵਾਂ ਦੇਸ਼ਾਂ ਦਰਮਿਆਨ ਇੱਕ ਵਾਰ ਫਿਰ ਤੋਂ ਤਣਾਅ ਪੈਦਾ ਹੋ ਜਾਣ ਕਾਰਨ ਇਹ ਮੈਚ ਹੋਰ ਵੀ ਹੱਦੋਂ ਵੱਧ ਰੁਮਾਂਚਕ ਹੋਣ ਦੀ ਪੂਰੀ ਆਸ ਹੈ।


ਏਸ਼ੀਆ ਦੇ ਸੁਪਰ-4 ਵਿੱਚ ਬੀਤੇ ਦਿਨੀਂ ਭਾਰਤ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ। ਭਾਰਤ ਅਤੇ ਪਾਕਿਸਤਾਨ ਜਿੱਥੇ ਦੁਬਈ ਵਿੱਚ ਭਿੜਨਗੇ, ਉਥੇ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦਾ ਮੁਕਾਬਲਾ ਆਬੂਧਾਬੀ ਵਿੱਚ ਹੋਵੇਗਾ। ਇਨ੍ਹਾਂ ਮੈਚਾਂ ਵਿੱਚ ਜੇਤੂ ਟੀਮ ਦੀਆਂ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਕਾਇਮ ਰਹਿਣਗੀਆਂ, ਜਦਕਿ ਹਾਰਨ ਵਾਲੀ ਟੀਮ ਬਾਹਰ ਹੋ ਜਾਵੇਗੀ।

ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ ਵਿੱਚ ਹਾਂਗਕਾਂਗ ’ਤੇ ਔਖੀ ਜਿੱਤ ਦਰਜ ਕਰਨ ਮਗਰੋਂ ਆਪਣੀ ਲੈਅ ਸੁਧਾਰ ਲਈ ਹੈ। ਇਸ ਤੋਂ ਬਾਅਦ ਭਾਰਤ ਨੇ ਗਰੁੱਪ ਮੈਚ ਵਿੱਚ ਪਾਕਿਸਤਾਨ ਨੂੰ ਸੌਖਿਆਂ ਹੀ ਹਰਾਇਆ ਸੀ ਤੇ ਸੁਪਰ-4 ਵਿੱਚ ਬੰਗਲਾਦੇਸ਼ ਨੂੰ ਵੀ ਕਰਾਰੀ ਮਾਤ ਦਿੱਤੀ। ਭਾਰਤ ਲਈ ਚੰਗੀ ਗੱਲ ਇਹ ਹੈ ਕਿ ਬੱਲੇਬਾਜ਼ੀ ਦੇ ਨਾਲ ਗੇਂਦਬਾਜ਼ਾਂ ਨੇ ਵੀ ਚੰਗੀ ਲੈਅ ਬਰਕਰਾਰ ਰੱਖੀ ਹੋਈ ਹੈ। ਇੱਕ ਸਾਲ ਤੋਂ ਬਾਅਦ ਵਾਪਸੀ ਕਰ ਰਹੇ ਰਵਿੰਦਰ ਜਡੇਜਾ ਨੇ ਮੌਕੇ ਦਾ ਲਾਹਾ ਉਠਾਉਂਦਿਆਂ ਬੰਗਲਾਦੇਸ਼ ਦੀਆਂ ਚਾਰ ਵਿਕਟਾਂ ਹਾਸਲ ਕਰ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ।

ਹੁਣ ਭਾਰਤੀ ਟੀਮ ਨੂੰ ਪਾਕਿਸਤਾਨ ’ਤੇ ਦੁਬਾਰਾ ਹਮਲਾ ਕਰਨ ਲਈ ਸਾਵਧਾਨ ਰਹਿਣਾ ਹੋਵੇਗਾ, ਕਿਉਂਕਿ ਸੁਪਰ-4 ਦੇ ਇਸ ਫ਼ੈਸਲਾਕੁੰਨ ਮੁਕਾਬਲੇ ਵਿੱਚ ਪਾਕਿਸਤਾਨੀ ਟੀਮ ਪੂਰੀ ਤਰ੍ਹਾਂ ਚੌਕਸ ਰਹੇਗੀ ਅਤੇ ਪਿਛਲੇ ਮੈਚ ਦੀਆਂ ਗ਼ਲਤੀਆਂ ਤੋਂ ਬਚੇਗੀ। ਪਾਕਿਸਤਾਨ ਨੇ ਅਫ਼ਗਾਨਿਸਤਾਨ ਖ਼ਿਲਾਫ਼ ਸੁਪਰ-4 ਦੇ ਮੁਕਾਬਲੇ ਵਿੱਚ ਮੁਸ਼ਕਿਲ ਭਰੇ ਪਲਾਂ ਵਿੱਚ ਠਰ੍ਹੰਮਾ ਵਿਖਾਉਂਦਿਆਂ ਜਿੱਤ ਹਾਸਲ ਕਰ ਲਈ ਸੀ। ਅਫ਼ਗਾਨਿਸਤਾਨ ਨੇ ਛੇ ਵਿਕਟਾਂ ’ਤੇ 257 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ, ਪਰ ਪਾਕਿਸਤਾਨ ਨੇ 49.3 ਓਵਰਾਂ ਵਿੱਚ ਸੱਤ ਵਿਕਟਾਂ ’ਤੇ 258 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਾਕਿਸਤਾਨ ਲਈ ਇਹ ਚੰਗਾ ਸੰਕੇਤ ਹੈ ਕਿ ਭਾਰਤ ਖ਼ਿਲਾਫ਼ ਅਸਫਲ ਰਹੇ ਬੱਲੇਬਾਜ਼ਾਂ ਨੇ ਅਫ਼ਗਾਨਿਸਤਾਨ ਵਿਰੁੱਧ ਸ਼ਾਨਦਾਰ ਪਾਰੀਆਂ ਖੇਡੀਆਂ।