ਜਕਾਰਤਾ: 18ਵੀਆਂ ਏਸ਼ਿਅਨ ਖੇਡਾਂ ਵਿੱਚ ਭਾਰਤੀ ਅਥਲੀਟਾਂ ਨੇ ਦੇਸ਼ ਦੀ ਝੋਲੀ ਇਤਿਹਾਸਕ ਸੋਨ ਤਗ਼ਮੇ ਪਾਉਣੇ ਜਾਰੀ ਹਨ। ਖੇਡਾਂ ਦੇ ਦਸਵੇਂ ਦਿਨ ਵੀ ਭਾਰਤੀ ਖਿਡਾਰੀਆਂ ਦੋ ਸੋਨ ਤਗ਼ਮੇ ਜਿੱਤੇ ਜਿਨ੍ਹਾਂ ਵਿੱਚ ਇੱਕ ਪੰਜਾਬ ਦੇ ਅੰਮ੍ਰਿਤਸਰ ਦਾ ਨੌਜਵਾਨ ਅਰਪਿੰਦਰ ਸਿੰਘ ਵੀ ਸ਼ਾਮਲ ਹੈ।


ਏਸ਼ਿਅਨ ਖੇਡਾਂ ਵਿੱਚ ਅਰਪਿੰਦਰ ਸਿੰਘ ਨੇ ਪੁਰਸ਼ਾਂ ਦੀ ਤੀਹਰੀ ਛਾਲ ਵਿੱਚ ਸਰਵੋਤਮ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਆਪਣੇ ਨਾਂਅ ਕੀਤਾ। ਅਰਪਿੰਦਰ ਨੇ ਅੰਤਮ ਵਾਰ 16.77 ਮੀਟਰ ਦੀ ਛਾਲ ਮਾਰ ਕੇ ਸੋਨੇ ਦਾ ਤਗ਼ਮਾ ਫੁੰਡਿਆ। ਏਸ਼ੀਅਨ ਖੇਡਾਂ ਦੇ ਇਤਿਹਾਸ ਵਿੱਚ ਟ੍ਰਿਪਲ ਜੰਪ ਚੋਂ ਭਾਰਤ ਨੂੰ 48 ਸਾਲ ਬਾਅਦ ਗੋਲਡ ਮੈਡਲ ਹਾਸਲ ਹੋਇਆ ਹੈ। ਇਸ ਤੋਂ ਪਹਿਲਾਂ ਸੰਨ 1970 ਵਿੱਚ ਮੋਹਿੰਦਰ ਸਿੰਘ ਨੇ ਸੋਨ ਤਗ਼ਮਾ ਜਿੱਤਿਆ ਸੀ।

ਇਸ ਤੋਂ ਪਹਿਲਾਂ ਸਵਪਨਾ ਬਰਮਨ ਨੇ ਹੈਪਟਾਥਲੋਨ ਵਿੱਚ ਸੋਨ ਤਗ਼ਮਾ ਹਾਸਲ ਕੀਤਾ ਹੈ। ਇਸ ਈਵੈਂਟ ਵਿੱਚ 6,026 ਅੰਕ ਹਾਸਲ ਕਰ ਕੇ ਇਹ ਇਤਿਹਾਸ ਰਚਿਆ। ਸਵਪਨਾ ਇੰਨੇ ਅੰਕ ਲੈਣ ਵਾਲੀ ਵਿਸ਼ਵ ਦੀ ਪੰਜਵੀਂ ਹੈਪਟਾਥਲੋਨ ਖਿਡਾਰਨ ਬਣ ਗਈ ਹੈ, ਪਰ ਹੈਟਪਾਥਲੋਨ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਹੈ। ਬਰਮਨ ਨੇ ਇਹ ਕਾਰਨਾਮਾ ਆਪਣੇ ਜਬਾੜੇ ਦੀ ਗੰਭੀਰ ਸੱਟ ਤੇ ਬੇਹੱਦ ਦਰਜ ਹੋਣ ਦੇ ਬਾਵਜੂਦ ਕੀਤਾ।


ਹੈਪਟਾਥਲੋਨ ਵੱਖ-ਵੱਖ ਖੇਡਾਂ ਨੂੰ ਇਕੱਠਾ ਕਰ ਬਣਾਇਆ ਅਜਿਹਾ ਈਵੈਂਟ ਹੈ ਜੋ ਤਿੰਨ ਦਿਨ ਲਗਾਤਾਰ ਚੱਲਦਾ ਹੈ। ਇਸ ਵਿੱਚ ਸ਼ੁਰੂਆਤ 100 ਮੀਟਰ ਅੜਿੱਕਾ ਦੌੜ, ਉੱਚੀ ਛਾਲ, ਗੋਲਾ ਸੁੱਟ, 200 ਮੀਟਰ ਦੌੜ, ਲੰਮੀ ਛਾਲ, ਨੇਜਾ ਸੁੱਟਣਾ, 800 ਮੀਟਰ ਦੌੜਾਂ ਹੁੰਦੀਆਂ ਹਨ। ਇਨ੍ਹਾਂ ਸਾਰੀਆਂ ਖੇਡਾਂ ਵਿੱਚੋਂ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ 'ਤੇ ਫੈਸਲਾ ਹੁੰਦਾ ਹੈ।

ਇਸ ਤੋਂ ਪਹਿਲਾਂ 18ਵੀਆਂ ਏਸ਼ੀਅਨ ਖੇਡਾਂ ਵਿੱਚ ਭਾਰਤੀ ਮਹਿਲਾ ਅਥਲੀਟ ਦੂਤੀ ਚੰਦ ਨੇ 200 ਦੌੜ ਵਿੱਚੋਂ ਇੱਕ ਹੋਰ ਜਾਂਦੀ ਦਾ ਤਗ਼ਮਾ ਹਾਸਲ ਕਰ ਲਿਆ। ਦੂਤੀ ਚੰਦ ਨੇ 23.20 ਸੈਕੰਡ 'ਚ ਦੌੜ ਪੂਰੀ ਕਰ ਸਿਲਵਰ ਮੈਡਲ 'ਤੇ ਕਬਜ਼ਾ ਕੀਤਾ। ਏਸ਼ਿਆਡ 'ਚ ਦੂਤੀ ਦਾ ਦੂਜਾ ਚਾਂਦੀ ਦਾ ਤਗ਼ਮਾ ਹੈ। ਇਸ ਤੋਂ ਪਹਿਲਾਂ ਉਸ ਨੇ ਮਹਿਲਾਵਾਂ ਦੀ 100 ਮੀਟਰ ਦੌੜ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਟੇਬਲ ਟੈਨਿਸ ਵਿੱਚ ਵੀ ਭਾਰਤੀ ਜੋੜੀ ਸ਼ਰਤ ਕਮਲ ਅਚੰਤ ਅਤੇ ਮਣਿਕਾ ਬਤਰਾ ਨੇ ਮਿਕਸਡ ਡਬਲ ਈਵੈਂਟ 'ਚ ਭਾਰਤ ਲਈ ਕਾਂਸੀ ਤਮਗਾ ਜਿੱਤਿਆ ਹੈ। ਭਾਰਤੀ ਜੋੜੀ ਮਣਿਕਾ ਅਤੇ ਅਚੰਤ ਨੂੰ ਚੀਨੀ ਜੋੜੀ ਵਾਂਗ ਚੁਕਿਨ ਅਤੇ ਸੁਨ ਯਿੰਗਸ਼ਾ ਤੋਂ 9-11, 5-11, 13-11, 4-11, 8-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮਹਿਲਾ ਹਾਕੀ ਨੇ ਵੀ ਅੱਜ ਚੀਨ ਨੂੰ 1-0 ਨਾਲ ਹਰਾ ਕੇ 20 ਸਾਲਾਂ ਬਾਅਦ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਇਸ ਦੇ ਨਾਲ ਭਾਰਤ ਦਾ ਇੱਕ ਹੋਰ ਤਗ਼ਮਾ ਪੱਕਾ ਹੋ ਗਿਆ ਹੈ। ਮਹਿਲਾ ਟੀਮ 31 ਅਗਸਤ ਨੂੰ ਜਾਪਾਨ ਨਾਲ ਟੱਕਰੇਗੀ। ਭਾਰਤੀ ਹਾਕੀ ਦੀਆਂ ਮਹਿਲਾ ਤੇ ਪੁਰਸ਼ ਟੀਮਾ ਆਪਣੀ ਲੈਅ ਵਿੱਚ ਹਨ ਤੇ ਦੇਸ਼ ਵਾਸੀਆਂ ਨੂੰ ਸੁਨਹਿਰਾ ਤਗ਼ਮਾ ਦਿਵਾਉਣ ਦੇ ਸਮਰੱਥ ਵੀ ਹਨ।


ਉੱਧਰ, ਏਸ਼ਿਆਈ ਖੇਡਾਂ 'ਚ ਪੁਰਸ਼ ਅਤੇ ਮਹਿਲਾਵਾਂ ਦੀ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ 'ਚ ਭਾਰਤ ਦੇ ਹੱਥ ਨਿਰਾਸ਼ਾ ਲੱਗੀ ਹੈ। ਮਹਿਲਾ ਵਰਗ 'ਚ ਖੁਸ਼ਬੀਰ ਕੌਰ ਥੋੜੇ ਫਰਕ ਨਾਲ ਚੌਥੇ ਨੰਬਰ 'ਤੇ ਰਹਿ ਗਈ ਤੇ ਤਗ਼ਮਾ ਖੁੰਝ ਗਿਆ। ਖੁਸ਼ਬੀਰ ਨੇ 1 ਘੰਟਾ 35 ਮਿੰਟ 24 ਸਕਿੰਟ ਦਾ ਸਮਾਂ ਲੈਕੇ ਚੌਥੇ ਸਥਾਨ 'ਤੇ ਰਹੀ। ਭਾਰਤੀ ਖਿਡਾਰੀਆਂ ਨੇ ਹੁਣ ਤਕ 54 ਤਗ਼ਮੇ ਦੇਸ਼ ਦੀ ਝੋਲੀ ਪਾ ਦਿੱਤੇ ਹਨ, ਜਿਨ੍ਹਾਂ ਵਿੱਚ 11 ਸੋਨ, 20 ਚਾਂਦੀ ਤੇ 23 ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਇਸ ਸਮੇਂ ਭਾਰਤ ਮੈਡਲ ਸੂਚੀ ਵਿੱਚ 8ਵੇਂ ਸਥਾਨ 'ਤੇ ਹੈ ਅਤੇ ਸਾਲ 2014 ਦੀਆਂ ਖੇਡਾਂ ਵਿੱਚ ਆਪਣੇ ਸਥਾਨ ਦੀ ਬਰਾਬਰੀ ਕਰ ਲਈ ਹੈ।