ਸੰਯੁਕਤ ਰਾਸ਼ਟਰ: ਭਾਰਤ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਸੰਯੁਕਤ ਰਾਸ਼ਟਰ ਦੀ ਸਿਖਰਲੀ ਮਨੁੱਖੀ ਅਧਿਕਾਰ ਸੰਸਥਾ ਵਿੱਚ ਤਿੰਨ ਸਾਲ ਲਈ ਆਪਣੀ ਜਗ੍ਹਾ ਬਣਾ ਲਈ ਹੈ। ਭਾਰਤ ਦਾ ਕਾਰਜਕਾਲ ਪਹਿਲੀ ਜਨਵਰੀ, 2019 ਤੋਂ ਸ਼ੁਰੂ ਹੋਵੇਗਾ। ਭਾਰਤ ਨੂੰ ਏਸ਼ੀਆ ਦੀ ਸ਼੍ਰੇਣੀ ਚ ਸਭ ਤੋਂ ਵੱਧ 188 ਵੋਟਾਂ ਮਿਲੀਆਂ।


ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਮਹਾਂਸਭਾ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਨਵੇਂ ਮੈਂਬਰਾਂ ਦੀ ਚੋਣ ਕੀਤੀ। ਗੁਪਤ ਮਤਦਾਨ ਜ਼ਰੀਏ ਕੁੱਲ 18 ਨਵੇਂ ਮੈਂਬਰ ਪੂਰਨ ਬਹੁਮਤ ਨਾਲ ਚੁਣੇ ਗਏ। ਇਸ ਲਈ ਘੱਟੋ-ਘੱਟ 97 ਵੋਟਾਂ ਦੀ ਲੋੜ ਹੁੰਦੀ ਹੈ।

ਭਾਰਤ ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ ਵਿੱਚ ਇੱਕ ਸੀਟ ਲਈ ਉਮੀਦਵਾਰ ਸੀ। ਭਾਰਤ ਦੇ ਨਾਲ ਬਹਿਰੀਨ, ਬੰਗਲਾਦੇਸ਼, ਫਿਜ਼ੀ ਤੇ ਫਿਲੀਪੀਨਸ ਨੇ ਵੀ ਇਸ ਸ਼੍ਰੇਣੀ ਵਿੱਚ ਮੈਂਬਰਸ਼ਿਪ ਲਈ ਦਾਅਵਾ ਕੀਤਾ ਸੀ।

ਇਸ ਚੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਚ ਭਾਰਤ ਦੇ ਰਾਜਦੂਤ ਸੈਯਦ ਅਕਬਰੂਦੀਨ ਨੇ ਕਿਹਾ ਕਿ ਸਭ ਤੋਂ ਵੱਧ ਵੋਟਾਂ ਨਾਲ ਭਾਰਤ ਦੀ ਜਿੱਤ ਅੰਤਰ-ਰਾਸ਼ਟਰੀ ਭਾਈਚਾਰੇ ਚ ਭਾਰਤ ਦੇ ਵੱਕਾਰ ਨੂੰ ਦਰਸਾਉਂਦੀ ਹੈ। ਉਨ੍ਹਾਂ ਭਾਰਤ ਦੇ ਪੱਖ ਵਿੱਚ ਮਤਦਾਨ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ।