ਵੈਨਕੂਵਰ: ਕੈਨੇਡਾ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਸ਼ਹਿਰ ਸਰੀ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖ਼ਤ ਸੁਮੀਤ ਸਿੰਘ ਰੰਧਾਵਾ (30) ਵਜੋਂ ਜਾਰੀ ਕੀਤੀ ਗਈ ਹੈ। ਸੁਮੀਤ ਦੀ ਮੌਤ ਗੈਂਗਵਾਰ ਦਾ ਨਤੀਜਾ ਹੈ ਤੇ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਮੌਜੂਦ ਹੈ।
ਸਰੀ ਪੁਲੀਸ ਦੇ ਬੁਲਾਰੇ ਡਿਟੈਕਟਿਵ ਲਾਰਾ ਜਾਨਸਨ ਨੇ ਦੱਸਿਆ ਕਿ ਮੁਢਲੀ ਪੜਤਾਲ ਵਿੱਚ ਕਤਲ ਗੈਂਗ ਵਾਰ ਦਾ ਨਤੀਜਾ ਹੈ, ਪਰ ਅਜੇ ਕਾਤਲਾਂ ਬਾਰੇ ਠੋਸ ਜਾਣਕਾਰੀ ਨਹੀਂ ਹੈ। ਪੁਲਿਸ ਨੂੰ ਜਿਵੇਂ ਹੀ ਸਰੀ ਦੀ 130 ਸਟਰੀਟ ਦੇ 6700 ਕੋਲ ਗੋਲ਼ੀਆਂ ਚੱਲਣ ਦੀ ਸੂਚਨਾ ਮਿਲੀ ਤਾਂ ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਗੋਲ਼ੀਆਂ ਵੱਜਣ ਕਾਰਨ ਇੱਕ ਨੌਜਵਾਨ ਤੜਫ ਰਿਹਾ ਸੀ।
ਐਂਬੂਲੈਂਸ ਅਮਲੇ ਵੱਲੋਂ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਸੁਮੀਤ ਨੇ ਦਮ ਤੋੜ ਦਿੱਤਾ। ਪੁਲੀਸ ਵੱਲੋਂ ਘਟਨਾ ਸਥਾਨ ਦੀ ਨਾਕਾਬੰਦੀ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਬੀਤੀ ਪੰਜ ਅਕਤੂਬਰ ਨੂੰ ਵਰਿੰਦਰ ਪਾਲ ਸਿੰਘ ਗਿੱਲ (19) ਨਾਂਅ ਦੇ ਨੌਜਵਾਨ ਦੀ ਵੀ ਇਸੇ ਤਰ੍ਹਾਂ ਗੈਂਗਵਾਰ ਵਿੱਚ ਮੌਤ ਹੋ ਗਈ ਸੀ। ਨੌਜਵਾਨਾਂ ਦੇ ਗ਼ਲਤ ਰਾਹ ਪੈਣ ਕਾਰਨ ਪ੍ਰਵਾਸੀ ਪੰਜਾਬੀ ਭਾਈਚਾਰਾ ਕਾਫੀ ਚਿੰਤਤ ਹੈ।