ਸਿਲੀਕਾਨ ਵੈਲੀ: ਸੈਲੀਕਾਨ ਵੈਲੀ ਤੋਂ ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਐਮੀ ਬੇਰਾ ਨੂੰ ਮੁੜ ਸੰਸਦ ਪਹੁੰਚ ਸਕਦੇ ਹਨ। 8 ਨਵੰਬਰ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਅਮਰੀਕਾ ਦੇ ਪ੍ਰਸਿੱਧ ਅਖ਼ਬਾਰ ਨੇ ਐਮੀ ਬੇਰਾ ਦੇ ਨਾਮ ਨੂੰ ਤੀਜੀ ਵਾਰ ਨਾਮਜ਼ਦ ਕੀਤਾ ਹੈ। ਅਖ਼ਬਾਰ ਨੇ ਐਮੀ ਬੇਰਾ ਨੂੰ ਮਿਹਨਤੀ ਆਗੂ ਦੱਸਿਆ ਹੈ। ਸੈਕਰੋਮੈਂਟ ਬੀ ਅਖ਼ਬਾਰ ਨੇ ਆਪਣੀ ਸੰਪਾਦਕੀ ਵਿੱਚ ਐਮੀ ਬੇਰਾ ਦੀ ਤਾਰੀਫ਼ ਕੀਤੀ ਹੈ।
1950 ਵਿੱਚ ਦਲੀਪ ਸਿੰਘ ਸੌਂਦ ਤੇ 2000 ਵਿੱਚ ਬੌਬੀ ਜਿੰਦਲ ਤੋਂ ਬਾਅਦ 51 ਸਾਲ ਦੇ ਐਮੀ ਬੇਰਾ ਹੀ ਅਮਰੀਕੀ ਹਾਊਸ ਆਫ਼ ਰੀ-ਪ੍ਰੀਜ਼ੈਂਟੇਟਿਵ ਵਿੱਚ ਥਾਂ ਬਣਾਉਣ ਵਾਲੇ ਭਾਰਤੀ ਮੂਲ ਦੇ ਅਮਰੀਕੀ ਸਾਂਸਦ ਹਨ। ਜੇਕਰ ਫਿਰ ਤੋਂ ਐਮੀ ਬੇਰਾ ਚੁਣੇ ਜਾਂਦੇ ਹਨ ਤਾਂ ਦਲੀਪ ਸਿੰਘ ਸੋਂਧ ਦੀ ਬਰਾਬਰੀ ਕਰ ਲੈਣਗੇ। ਦਲੀਪ ਸਿੰਘ ਸੋਂਧ ਕੈਲੇਫੋਰਨੀਆ ਤੋਂ 1957 ਤੋਂ ਲੈ ਕੇ 1963 ਤੱਕ ਸਾਂਸਦ ਰਹੇ ਹਨ।
ਭਾਰਤੀ ਮੂਲ ਦੇ ਬੌਬੀ ਜਿੰਦਲ ਦੋ ਵਾਰ ਲੂਸਿਆਣਾ ਸੂਬੇ ਦੇ ਗਵਰਨਰ ਰਹੇ ਹਨ। ਅਖ਼ਬਾਰ ਦੀ ਸੰਪਾਦਕੀ ਵਿੱਚ ਤਾਰੀਫ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮੀ ਬੇਰਾ ਨੇ ਆਖਿਆ ਕਿ ਡਾਕਟਰ ਹੋਣ ਦੇ ਨਾਤੇ ਉਨ੍ਹਾਂ ਨੇ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਉਹ ਫਿਰ ਤੋਂ ਚੁਣੇ ਜਾਂਦੇ ਹਨ ਤਾਂ ਉਹ ਸਿਹਤ ਵਿੱਚ ਸੁਧਾਰ, ਖ਼ਾਸ ਤੌਰ ਉੱਤੇ ਜੀਕਾ ਵਾਈਰਸ ਨੂੰ ਰੋਕਣ ਉੱਤੇ ਕੰਮ ਕਰਨਗੇ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਐਮੀ ਬੇਰਾ ਡੇਵਿਸ ਮੈਡੀਕਲ ਸਕੂਲ ਵਿੱਚ ਡੀਨ ਵਜੋਂ ਕੰਮ ਕਰ ਚੁੱਕੇ ਹਨ।