ਮਿਆਮੀ (ਫ਼ਲੋਰਿਡਾ, ਅਮਰੀਕਾ): ਅਮਰੀਕੀ ਸੂਬੇ ਫ਼ਲੋਰਿਡਾ ’ਚ ਮਿਆਮੀ ਦੇ ਸਮੁੰਦਰੀ ਕੰਢੇ ਤੋਂ ਸਿਰਫ਼ ਕੁਝ ਮੀਲ ਦੀ ਦੂਰੀ ਉੱਤੇ ਸਰਫ਼ਸਾਈਡ ਵਿਖੇ 13 ਮੰਜ਼ਿਲਾ ਇਮਾਰਤ ਢਹਿਣ ਨਾਲ ਇੱਕ ਭਾਰਤੀ ਪਤੀ-ਪਤਨੀ ਤੇ ਉਨ੍ਹਾਂ ਦੀ ਇੱਕ ਸਾਲਾ ਧੀ ਦੀ ਮੌਤ ਹੋਣ ਦੀ ਪੁਸ਼ਟੀ ਹੁਣ ਹੋ ਗਈ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਹੈ। ਦਰਅਸਲ, ਇਮਾਰਤ ਡਿੱਗਣ ਦੀ ਘਟਨਾ ਬੀਤੀ 24 ਜੂਨ ਨੂੰ ਵਾਪਰੀ ਸੀ ਪਰ ਲਾਪਤਾ ਭਾਰਤੀ ਪਰਿਵਾਰ ਦੀ ਕੋਈ ਉੱਘ-ਸੁੱਘ ਨਹੀਂ ਮਿਲ ਰਹੀ ਸੀ। ਵੱਡੀ ਇਮਾਰਤ ਦਾ ਮਲਬਾ ਇੰਨਾ ਜ਼ਿਆਦਾ ਸੀ ਕਿ ਉਸ ਨੂੰ ਸਾਫ਼ ਕਰਦੇ-ਕਰਦੇ ਬਹੁਤ ਸਮਾਂ ਲੱਗ ਗਿਆ।
ਹੁਣ ਜਿਹੜੀ ਭਾਰਤੀ ਜੋੜੀ ਦੀ ਸ਼ਨਾਖ਼ਤ ਹੋਈ ਹੈ, ਉਨ੍ਹਾਂ ਵਿੱਚ 42 ਸਾਲਾ ਵਿਸ਼ਾਲ ਪਟੇਲ ਤੇ 38 ਸਾਲਾ ਭਾਵਨਾ ਤੇ ਉਨ੍ਹਾਂ ਦੀ ਇੱਕ ਸਾਲਾ ਧੀ ਐਸ਼ਾਨੀ ਜੀਆ ਪਟੇਲ ਸ਼ਾਮਲ ਹਨ। ਇਹ ਵੀ ਪਤਾ ਲੱਗਾ ਹੈ ਕਿ ਮੌਤ ਵੇਲੇ ਸਾਲਾ ਭਾਵਨਾ ਚਾਰ ਮਹੀਨਿਆਂ ਦੀ ਗਰਭਵਤੀ ਸੀ। ਇਸ ਇਮਾਰਤ ਦੇ ਮਲਬੇ ’ਚੋਂ ਹੁਦ ਤੱਕ ਕੁੱਲ 97 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।
ਅਮੈਰਿਕਨ ਬਾਜ਼ਾਰ ਔਨਲਾਈਨ ਡਾਟ ਕਾਮ’ ਵੱਲੋਂ ਪ੍ਰਕਾਸ਼ਿਤ ਅਰੁਣ ਕੁਮਾਰ ਦੀ ਰਿਪੋਰਟ ਅਨੁਸਾਰ ਵਿਆਹ ਤੋਂ ਪਹਿਲਾਂ ਵਿਸ਼ਾਲ ਪਟੇਲ ਕੈਲੀਫ਼ੋਰਨੀਆ ’ਚ ਅਤੇ ਭਾਵਨਾ ਇੰਗਲੈਂਡ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਹਸਮੁੱਖ ਅਤੇ ਪਿਆਰੀ ਜੋੜੀ ਸੀ। ਉਨ੍ਹਾਂ ਦਾ ਵਿਆਹ 10 ਵਰ੍ਹੇ ਨਿਊ ਜਰਸੀ ’ਚ ਹੋਇਆ ਸੀ। ਬੀਤੇ ਮਈ ਮਹੀਨੇ ਦੌਰਾਨ ਹੀ ਭਾਵਨਾ ਦੇ ਮੁੜ ਗਰਭਵਤੀ ਹੋਣ ਦੀ ਖ਼ਬਰ ਜਾਣਕਾਰਾਂ ਨੂੰ ਦਿੱਤੀ ਗਈ ਸੀ।
ਇਹ ਪਟੇਲ ਜੋੜੀ ਪੰਜ ਵਰ੍ਹੇ ਪਹਿਲਾਂ ਮਿਆਮੀ ਜਾ ਕੇ ਰਹਿਣ ਲੱਗੀ ਸੀ ਤੇ ਫਿਰ ਦੋ ਸਾਲ ਪਹਿਲਾਂ ਉਹ ਚੈਂਪਲੇਨ ਟਾਵਰਜ਼ ਸਾਊਥ ’ਚ ਚਲੇ ਗਏ ਸਨ। ਜਿਹੜੀ ਇਮਾਰਤ ਨੇ ਹੁਣ ਡਿੱਗ ਕੇ 97 ਮਨੁੱਖੀ ਜਾਨਾਂ ਲੈ ਲਈਆਂ ਹਨ, ਉਹ ਹਾਲੇ ਸਾਲ 2018 ’ਚ ਬਣੀ ਸੀ। ਇੱਥੋਂ ਅੰਧ ਮਹਾਂਸਾਗਰ ਦਾ ਬਹੁਤ ਸ਼ਾਨਦਾਰ ਦ੍ਰਿਸ਼ ਦਿਸਦਾ ਸੀ; ਇਸੇ ਲਈ ਇਸ ਇਮਾਰਤ ਵਿੱਚ ਫ਼ਲੈਟ/ਕੌਂਡੋ ਲੈਣ ਦੀ ਇੱਕ ਦੌੜ ਵੀ ਤਦ ਮੱਚ ਗਈ ਸੀ। ਹੁਣ ਜਾਂਚ ਹੋ ਰਹੀ ਹੈ ਕਿ ਆਖ਼ਰ ਇਹ ਇਮਾਰਤ ਕਿਹੜੇ ਕਾਰਨਾਂ ਕਰ ਕੇ ਡਿੱਗੀ ਹੈ।