ਨਵੀਂ ਦਿੱਲੀ: ਪਾਕਿਸਤਾਨ ਦੀ ਤਰਫੋਂ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਭਾਰਤੀ ਫੌਜ ਨੇ ਵੱਡੀ ਕਾਰਵਾਈ ਕੀਤੀ ਹੈ। ਫੌਜ ਨੇ ਤੰਗਧਾਰ ਸੈਕਟਰ ਵਿੱਚ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਹਮਲੇ ਕੀਤੇ ਅਤੇ ਕਈ ਅੱਤਵਾਦੀ ਅੱਡਿਆਂ ਨੂੰ ਤਬਾਹ ਕਰ ਦਿੱਤਾ। ਭਾਰਤੀ ਜਵਾਨਾਂ ਨੇ ਇਸ ਦੌਰਾਨ ਆਰਟਿਲਰੀ ਬੰਦੂਕਾਂ ਦੀ ਵੀ ਵਰਤੋਂ ਕੀਤੀ। ਇਸ ਕਾਰਵਾਈ ਵਿੱਚ ਪਾਕਿਸਤਾਨੀ ਫੌਜ ਦੇ ਜਵਾਨ ਸਮੇਤ 10 ਤੋਂ ਵੱਧ ਅੱਤਵਾਦੀ ਮਾਰੇ ਗਏ ਤੇ ਕਈ ਜ਼ਖਮੀ ਹੋ ਗਏ।


ਧਇਆਨ ਰਹੇ ਭਾਰਤੀ ਜਵਾਨਾਂ ਨੇ ਸਰਹੱਦ ਪਾਰ ਨਹੀਂ ਕੀਤੀ, ਬਲਕਿ ਆਰਟਿਲਰੀ ਬੰਦੂਕ ਦਾ ਇਸਤੇਮਾਲ ਕਰਕੇ ਅੱਤਵਾਦੀ ਕੈਂਪਾਂ ਨੂੰ ਨਸ਼ਟ ਕੀਤਾ ਹੈ। ਸੂਤਰਾਂ ਅਨੁਸਾਰ, ਭਾਰਤੀ ਫੌਜ ਨੇ ਨੀਲਮ ਘਾਟੀ ਵਿਚਲੇ ਸੱਤ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਅੰਤਮੁਕਾਮ ਸਥਿਤ ਜ਼ਿਲ੍ਹਾ ਮਿਲਟਰੀ ਹੈੱਡਕੁਆਰਟਰ ਵੀ ਫੌਜ ਦੀ ਕਾਰਵਾਈ ਦੀ ਜ਼ਦ ਵਿੱਚ ਆ ਗਏ, ਜਿਸ ਕਾਰਨ ਪਾਕਿਸਤਾਨੀ ਰੇਂਜਰਾਂ ਦਾ ਵੱਡਾ ਨੁਕਸਾਨ ਹੋਇਆ ਹੈ।





ਭਾਰਤੀ ਫੌਜ ਨੇ ਤਿੰਨ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪਹਿਲਾਂ ਉਹ ਥਾਂ ਸੀ ਜਿੱਥੇ ਪਾਕਿਸਤਾਨੀ ਫੌਜ ਗੋਲੀਬਾਰੀ ਕਰ ਰਹੀ ਸੀ। ਦੂਜਾ ਅੱਤਵਾਦੀ ਲਾਂਚ ਪੈਡ ਜਿੱਥੋਂ ਅੱਤਵਾਦੀ ਪਾਕਿਸਤਾਨੀ ਸੈਨਾ ਦੀ ਮਦਦ ਨਾਲ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਤੀਜਾ, ਜਿੱਥੋਂ ਭਾਰਤ ਦੀ ਸਰਹੱਦ 'ਤੇ ਮੌਜੂਦ ਨਾਗਰਿਕਾਂ ਨੂੰ ਹਥਿਆਰਾਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਸੈਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਜਵਾਬੀ ਕਾਰਵਾਈ ਹੈ।


ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨੀ ਸੈਨਾ ਤੰਗਧਾਰ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਘੁਸਪੈਠੀਆਂ ਨੂੰ ਭਾਰਤੀ ਖੇਤਰ ਵਿੱਚ ਦਾਖਲ ਹੋਣ ਵਿੱਚ ਮਦਦ ਕਰ ਰਹੀ ਸੀ। ਇਸ ਦੌਰਾਨ ਭਾਰਤ ਦੇ ਦੋ ਸਿਪਾਹੀ ਸ਼ਹੀਦ ਹੋ ਗਏ।