ਸਿੰਗਾਪੁਰ: ਆਸਟ੍ਰੇਲੀਆ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ 34 ਸਾਲਾ ਵਿਅਕਤੀ ਨੂੰ ਫਲਾਈਟ ਅਟੈਂਡੈਂਟ ਨਾਲ ਛੇੜਖਾਨੀ ਕਰਨੀ ਮਹਿੰਗੀ ਪੈ ਗਈ। ਅਦਾਲਤ ਨੇ ਉਸ ਵੱਲੋਂ ਮੁਆਫ਼ੀ ਮੰਗਣ ਤੇ ਪਛਤਾਵਾ ਕਰਨ 'ਤੇ ਤਿੰਨ ਹਫ਼ਤੇ ਜੇਲ੍ਹ ਦੀ ਸਜ਼ਾ ਸੁਣਾਈ ਹੈ।


ਦਰਅਸਲ, ਬੀਤੇ ਅਗਸਤ ਦੌਰਾਨ 34 ਸਾਲ ਦੇ ਪਰਾਂਜਪੇ ਨਰਿੰਜਣ ਜੈਅੰਤ ਨੇ ਸਿਡਨੀ ਤੋਂ ਸਿੰਗਾਪੁਰ ਦੀ ਅੱਠ ਘੰਟਿਆਂ ਦੀ ਉਡਾਣ ਦੌਰਾਨ 25 ਸਾਲਾ ਏਅਰ ਹੋਸਟੈੱਸ ਨਾਲ ਕਈ ਵਾਰ ਛੇੜਖ਼ਾਨੀ ਦੀ ਕੋਸ਼ਿਸ਼ ਕੀਤੀ। 'ਦ ਸਟ੍ਰੇਟਸ ਟਾਈਮਸ' ਦੀ ਖ਼ਬਰ ਮੁਤਾਬਕ ਸਕੂਟ ਏਅਰਲਾਈਨਜ਼ ਦੇ ਜਹਾਜ਼ ਵਿੱਚ ਪਹਿਲੇ ਦਰਜੇ (ਬਿਜ਼ਨੈਸ ਕਲਾਸ) ਵਿੱਚ ਸਫ਼ਰ ਕਰ ਰਹੇ ਮੁਸਾਫ਼ਰ ਨੇ ਅਟੈਂਡੈਂਟ ਦੇ ਸਰੀਰ ਦੇ ਕਈ ਹਿੱਸਿਆਂ ਨੂੰ ਛੋਹਿਆ ਸੀ ਤੇ ਲੈਂਡਿੰਗ ਤੋਂ ਪਹਿਲਾਂ ਉਸ ਨੇ ਫਿਰ ਏਅਰ ਹੋਸਟੈੱਸ ਦਾ ਨੰਬਰ ਮੰਗਿਆ ਤੇ ਛੇੜਖਾਨੀ ਕੀਤੀ।

ਮਹਿਲਾ ਅਟੈਂਡੈਂਟ ਨੇ ਫੌਰ ਇਹ ਜਾਣਕਾਰੀ ਆਪਣੇ ਸੁਪਰਵਾਈਜ਼ਰ ਨੂੰ ਦਿੱਤੀ ਤੇ ਉਨ੍ਹਾਂ ਚਾਂਗੀ ਹਵਾਈ ਅੱਡੇ ਟਰਮੀਨਲ ਦੋ ਵਿੱਚ ਪੁਲਿਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ। ਜੈਅੰਤ ਨੇ ਅਦਾਲਤ ਵਿੱਚ ਆਪਣਾ ਜੁਰਮ ਕਬੂਲ ਲਿਆ ਤੇ ਕਿਹਾ ਕਿ ਉਹ ਨਸ਼ੇ ਦੀ ਹਾਲਤ ਵਿੱਚ ਅਜਿਹਾ ਕਰ ਬੈਠਾ। ਉਸ ਨੇ ਆਪਣੇ ਕੀਤੇ 'ਤੇ ਪਛਤਾਵਾ ਜਤਾਉਂਦਿਆਂ ਨਰਮੀ ਵਰਤੇ ਜਾਣ ਦੀ ਅਪੀਲ ਕੀਤੀ।

ਇਸ 'ਤੇ ਜਸਟਿਸ ਲਿਮ ਤਸੇ ਹੌਵ ਨੇ ਉਸ ਨੂੰ ਤਿੰਨ ਹਫ਼ਤੇ ਦੀ ਕੈਦ ਦੀ ਸਜ਼ਾ ਸੁਣਾਈ। ਅਜਿਹੇ ਅਪਰਾਧ ਵਿੱਚ ਦੋ ਸਾਲ ਤਕ ਦੀ ਜੇਲ੍ਹ ਤੇ ਜ਼ੁਰਮਾਨਾ ਅਤੇ ਬੈਂਤਾਂ ਨਾਲ ਕੁਟਾਈ ਕੀਤੇ ਜਾਣ ਦੀ ਸਜ਼ਾ ਵੀ ਮਿਲ ਸਕਦੀ ਹੈ, ਪਰ ਜੈਅੰਤ ਇਸ ਤੋਂ ਬਚ ਗਿਆ।