ਵਾਸ਼ਿੰਗਟਨ: ਅਮਰੀਕਾ 'ਚ ਐਚ-1ਬੀ ਵੀਜ਼ਾਧਾਰਕਾਂ ਲਈ ਖੁਸ਼ਖਬਰੀ ਹੈ। ਸਥਾਨਕ ਅਦਾਲਤ ਨੇ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਆਰਜ਼ੀ ਰਾਹਤ ਦਿੰਦਿਆਂ ਐਚ-1ਬੀ ਵੀਜ਼ਾਧਾਰਕਾਂ ਦੇ ਜੀਵਨ ਸਾਥੀਆਂ ਦੇ ਅਮਰੀਕਾ ’ਚ ਕੰਮ ਕਰਨ ’ਤੇ ਰੋਕ ਲਾਉਣ ਤੋਂ ਇਨਕਾਰ ਕਰਦਿਆਂ ਇਸ ਸਬੰਧੀ ਕੇਸ ਮੁੜ ਵਿਚਾਰ ਲਈ ਹੇਠਲੀ ਅਦਾਲਤ ਕੋਲ ਭੇਜ ਦਿੱਤਾ ਹੈ।


ਜ਼ਿਕਰਯੋਗ ਹੈ ਕਿ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਅਮਰੀਕਾ ’ਚ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਐਚ-1ਬੀ ਗ਼ੈਰ-ਪਰਵਾਸੀ ਵੀਜ਼ਾ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮੇ ਵਿਸ਼ੇਸ਼ ਕੰਮਾਂ ਲਈ ਸੱਦਣ ਦੀ ਇਜਾਜ਼ਤ ਮਿਲਦੀ ਹੈ। ਇਸ ਵੀਜ਼ਾ ਨਿਯਮ ਤਹਿਤ ਭਾਰਤੀਆਂ ਤੇ ਵਿਸ਼ੇਸ਼ ਤੌਰ ’ਤੇ ਭਾਰਤੀ ਮਹਿਲਾਵਾਂ ਨੂੰ ਸਹੂਲਤ ਮਿਲ ਰਹੀ ਸੀ ਪਰ ਟਰੰਪ ਪ੍ਰਸ਼ਾਸਨ ਦੇ ਹਮਾਇਤੀ ਕਈ ਅਮਰੀਕੀ ਵਰਕਰਾਂ ਨੇ ਇਸ ਨਿਯਮ ਨੂੰ ਰੱਦ ਕਰਨ ਲਈ ਅਦਾਲਤ ’ਚ ਚੁਣੌਤੀ ਦਿੱਤੀ ਹੋਈ ਹੈ।

ਕੋਲੰਬੀਆ ਸਰਕਟ ਲਈ ਅਮਰੀਕਾ ਦੀ ਅਪੀਲੀ ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਬੀਤੇ ਦਿਨ ਇਹ ਕਹਿੰਦਿਆਂ ਇਹ ਕੇਸ ਹੇਠਲੀ ਅਦਾਲਤ ਕੋਲ ਇਹ ਕਹਿੰਦਿਆਂ ਭੇਜ ਦਿੱਤਾ ਕਿ ਜ਼ਿਲ੍ਹਾ ਅਦਾਲਤ ਇਸ ਕੇਸ ਨੂੰ ਚੰਗੀ ਤਰ੍ਹਾਂ ਵਿਚਾਰੇ। ਅਮਰੀਕੀ ਕਰਮਚਾਰੀਆਂ ’ਤੇ ਆਧਾਰਤ ਸੰਸਥਾ ਨੇ ਕਿ ਇਸ ਸਬੰਧੀ ਅਦਾਲਤ ’ਚ ਕੇਸ ਕੀਤਾ ਹੋਇਆ ਹੈ। ਸੰਸਥਾ ਦਾ ਕਹਿਣਾ ਹੈ ਕਿ ਓਬਾਮਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਨਿਯਮਾਂ ਕਾਰਨ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ।