ਮਹਿਤਾਬ-ਉਦ-ਦੀਨ


ਚੰਡੀਗੜ੍ਹ: ਕੁਝ ਦਿਨ ਪਹਿਲਾਂ ਸਿੱਖ ਨੌਜਵਾਨ ਨੂੰ ਧਮਕੀਆਂ ਦੇਣ ਵਾਲੇ ਪ੍ਰਵਾਸੀ ਭਾਰਤੀ ਨੂੰ ਦੋਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਵੇਲੇ ਆਕਲੈਂਡ ਰਹਿੰਦੇ ਦਿੱਲੀ ਦੇ ਤਰੁਣ ਮਦਾਨ ਨੇ ਦਰਅਸਲ ਹੁਣ ਜ਼ਮਾਨਤ ਦੀਆਂ ਸ਼ਰਤਾਂ ਤੇ ਬੰਦਸ਼ਾਂ ਦੀ ਉਲੰਘਣਾ ਕੀਤੀ ਸੀ। ਜਿਹੜੇ ਫ਼ੇਸਬੁੱਕ ਪੇਜ ‘ਇੰਡੀਅਨਜ਼ ਇਨ ਨਿਊਜ਼ੀਲੈਂਡ’ ਉੱਤੇ ਉਸ ਨੇ ਸਿੱਖ ਨੌਜਵਾਨ ਨੂੰ ਧਮਕੀਆਂ ਦਿੱਤੀਆਂ ਸਨ ਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਉਹ ਪੇਜ ਹੁਣ ਡਿਲੀਟ ਕਰ ਦਿੱਤਾ ਗਿਆ ਹੈ।


ਜਦੋਂ ਮੁਲਜ਼ਮ ਨੇ ਪਹਿਲਾਂ ਇਸ ਪੰਨੇ ਉੱਤੇ ਸਿੱਖ ਨੌਜਵਾਨ ਨੂੰ ਧਮਕੀਆਂ ਦਿੱਤੀਆਂ ਸਨ, ਤਦ ਬੀਤੀ 19 ਮਾਰਚ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ‘ਦ ਟਾਈਮਜ਼ ਆਫ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਆਈਪੀ ਸਿੰਘ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ, 26 ਮਾਰਚ ਸਵੇਰੇ ਉਸ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ। ਆਕਲੈਂਡ ਪੁਲਿਸ ਨੇ ਤਰੁਣ ਮਦਾਨ ਨੂੰ ਕੁਝ ਸ਼ਰਤਾਂ ਤੇ ਬੰਦਸ਼ਾਂ ਦੇ ਆਧਾਰ ਉੱਤੇ ਜ਼ਮਾਨਤ ਦਿੱਤੀ ਸੀ ਪਰ ਉਹ ਉਨ੍ਹਾਂ ਦੀ ਉਲੰਘਣਾ ਕਰਦਾ ਪਾਇਆ ਗਿਆ।


ਦੱਸ ਦੇਈਏ ਕਿ ਫ਼ੇਸਬੁੱਕ ਪੇਜ ‘ਇੰਡੀਅਨਜ਼ ਇਨ ਨਿਊ ਜ਼ੀਲੈਂਡ’ ਉੱਤੇ ਤਰੁਣ ਮਦਾਨ ਨੇ ਸਿੱਖ ਨੌਜਵਾਨ ਨੂੰ ‘ਖ਼ਾਲਿਸਤਾਨੀ ਦਹਿਸ਼ਤਗਰਦ’ ਆਖਿਆ ਸੀ ਤੇ ਸਿੱਖ ਨੌਜਵਾਨ ਦਾ ਮੋਬਾਈਲ ਫ਼ੋਨ ਨੰਬਰ ਵੀ ਨਸ਼ਰ ਕਰ ਦਿੱਤਾ ਗਿਆ ਸੀ। ਤਰੁਣ ਨੇ ਆਪਣੀ ਫ਼ੇਸਬੁੱਕ ਪੋਸਟ ਉੱਤੇ ਨਾਲ ਹੀ ਸਿੱਖ ਨੌਜਵਾਨਾਂ ਦਾ ਨਾਂ ਵਰਤਦਿਆਂ ਇਹ ਵੀ ਲਿਖਿਆ ਸੀ ਕਿ ‘ਇਹ ਸਿੱਖ ਨੌਜਵਾਨ ਸਾਰੇ ਭਾਰਤੀਆਂ ਵਿਰੁੱਧ ਨਫ਼ਰਤ ਫੈਲਾ ਰਿਹਾ ਹੈ।’


ਇਸ ਤੋਂ ਇਲਾਵਾ ਤਰੁਣ ਮਦਾਨ ਨੇ ਉਸ ਸਿੱਖ ਨੌਜਵਾਨ ਦੇ ਘਰ ਆ ਕੇ ਉਸ ਨੂੰ ਸਬਕ ਸਿਖਾਉਣ ਦੀ ਗੱਲ ਵੀ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਦੋ ਹੋਰ ਸਿੱਖ ਵਿਅਕਤੀਆਂ ਲਈ ਵੀ ਮਾੜੇ ਬੋਲ ਵਰਤੇ ਸਨ। ਸਾਰਾ ਮਾਮਲਾ ਇੰਟਰਨੈੱਟ ਉੱਪਰ ਕਾਫੀ ਛਾਇਆ ਰਿਹਾ ਹੈ।