ਨਵੀਂ ਦਿੱਲੀ: ਡਾਲਰ ਦੇ ਮੁਕਾਬਲੇ ਰੁਪਿਆ ਇਸ ਸਮੇਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਦੇਸ਼ ਦੀ ਮੁਦਰਾ ਵਿੱਚ ਆਈ ਸਭ ਤੋਂ ਵੱਡੀ ਗਿਰਾਵਟ ਕਾਰਨ ਵਿਦੇਸ਼ੀ ਕਰਜ਼ੇ ਮੋੜਨੇ ਹੋਰ ਵੀ ਔਖੇ ਹੋ ਗਏ ਹਨ। ਭਾਰਤ ਨੂੰ ਹੁਣ ਕਰਜ਼ ਵਾਪਸੀ ਲਈ 9.5 ਬਿਲੀਅਨ ਡਾਲਰ ਵੱਧ ਮੋੜਨੇ ਪੈਣਗੇ।


ਸਟੇਟ ਬੈਂਕ ਆਫ਼ ਇੰਡੀਆ ਦੇ ਮੁੱਖ ਆਰਥਿਕ ਸਲਾਹਕਾਰ ਸੌਮਿਆ ਕਾਂਤੀ ਘੋਸ਼ ਨੇ ਦਾਅਵਾ ਕੀਤਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਆਈ ਕਮਜ਼ੋਰੀ ਕਾਰਨ ਭਾਰਤ ਨੂੰ 68,500 ਕਰੋੜ ਰੁਪਏ ਦਾ ਵਾਧੂ ਬੋਝ ਪੈ ਰਿਹਾ ਹੈ। ਇਹ ਪੈਸਾ ਵਿਦੇਸ਼ਾਂ ਤੋਂ ਲਏ ਹੋਏ ਥੁੜ ਮਿਆਦੀ ਕਰਜ਼ ਨੂੰ ਵਾਪਸ ਕਰਨ ਮੌਕੇ ਵਾਧੂ ਅਦਾ ਕਰਨਾ ਹੋਵੇਗਾ।

ਸਾਲ 2017 ਵਿੱਚ ਭਾਰਤ ਨੇ ਵੱਖ-ਵੱਖ ਤਰ੍ਹਾਂ ਦਾ ਕੁੱਲ 2017.6 ਬਿਲੀਅਨ ਡਾਲਰ ਦਾ ਵਿਦੇਸ਼ੀ ਕਰਜ਼ਾ ਲਿਆ ਸੀ। ਉਦੋਂ ਤੋਂ ਲੈਕੇ ਹੁਣ ਤਕ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 11% ਟੁੱਟ ਚੁੱਕੀ ਹੈ ਤੇ ਇੱਕ ਅਮਰੀਕੀ ਡਾਲਰ ਬਦਲੇ ਰੁਪਏ ਦੀ ਕੀਮਤ 72 ਤਕ ਆ ਚੁੱਕੀ ਹੈ ਤੇ ਲਗਾਤਾਰ ਡਿੱਗਦੀ ਜਾ ਰਹੀ ਹੈ।

ਕੌਮਾਂਤਰੀ ਵਪਾਰ ਤੇ ਕਰਜ਼ੇ ਦਾ ਲੈਣ-ਦੇਣ ਅਮਰੀਕੀ ਡਾਲਰ ਵਿੱਚ ਹੁੰਦਾ ਹੈ ਅਤੇ ਰੁਪਏ ਇਸ ਸਮੇਂ ਇਤਿਹਾਸਕ ਹੇਠਲੇ ਪੱਧਰ ਵੱਲ ਜਾ ਰਿਹਾ ਹੈ, ਜਿਸ ਨਾਲ ਵਿਦੇਸ਼ੀ ਕਰਜ਼ ਵਾਪਸ ਮੋੜਨ ਵਿੱਚ ਭਾਰਤ ਨੂੰ ਮੋਟੀ ਰਕਮ ਦਾ ਖੋਰਾ ਲੱਗਣ ਵਾਲਾ ਹੈ।