ਨਿਊਯਾਰਕ: ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਥਾਈ ਰਾਜਦੂਤ ਨਿੱਕੀ ਹੈਲੀ ਨੇ ਪਾਕਿਸਤਾਨ ਬਾਰੇ ਵੱਡਾ ਬਿਆਨ ਦਿੱਤਾ ਹੈ। ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਕਿਹਾ ਕਿ ਪਾਕਿਸਤਾਨ ਹਾਲੇ ਵੀ ਉਨ੍ਹਾਂ ਅੱਤਵਾਦੀਆਂ ਨੂੰ ਸ਼ਰਨ ਦੇ ਰਿਹਾ ਹੈ ਜੋ ਅਮਰੀਕੀ ਜਵਾਨਾਂ ਦੀਆਂ ਜਾਨਾਂ ਲੈ ਰਹੇ ਹਨ। ਉਸ ਨੇ ਕਿਹਾ ਕਿ ਜਦੋਂ ਤਕ ਪਾਕਿਸਤਾਨ ਇਸ ਮਸਲੇ ਦਾ ਹੱਲ ਨਹੀਂ ਕੱਢਦਾ, ਉਦੋਂ ਤਕ ਉਸ ਨੂੰ ਇੱਕ ਡਾਲਰ ਵੀ ਨਹੀਂ ਮਿਲਣਾ ਚਾਹੀਦਾ।

ਹੈਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਮਹਿਲਾ ਹੈ ਜਿਸ ਨੂੰ ਅਮਰੀਕਾ ਦੇ ਪ੍ਰਸ਼ਾਸਨ ਵਿੱਚ ਕੈਬਨਿਟ ਦਾ ਅਹੁਦਾ ਹਾਸਲ ਹੈ। ਉਸ ਨੇ ਕਿਹਾ ਕਿ ਅਮਰੀਕਾ ਨੂੰ ਅਜਿਹੇ ਦੇਸ਼ਾਂ ਨੂੰ ਪੈਸੇ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਜੋ ਉਸ ਨੂੰ ਨੁਕਸਾਨ ਪਹੁੰਚਾਉਣ ਤੇ ਉਸ ਦੀ ਪਿੱਠ ਪਿੱਛੇ ਉਸ ਨੂੰ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ।

ਹੈਲੀ ਨੇ ਅਮਰੀਕੀ ਮੈਗਜ਼ੀਨ ਦ ਐਟਲਾਂਟਿਕ ਨੂੰ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਅਮਰੀਕਾ ਬਿਨਾ ਸੋਚੇ ਸਮਝੇ ਅੰਨ੍ਹਿਆਂ ਵਾਂਗ ਪੈਸੇ ਵਰ੍ਹਾ ਰਹਾ ਹੈ ਜਦਕਿ ਸਾਹਮਣੇ ਵਾਲਾ ਉਸ ਦਾ ਫਾਇਦਾ ਚੁੱਕ ਰਿਹਾ ਹੈ। ਉਸ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਨੂੰ ਖਰਬਾਂ ਡਾਲਰ ਦਿੰਦਾ ਹੈ ਪਰ ਬਦਲੇ ਵਿੱਚ ਪਾਕਿਸਤਾਨ ਅਜਿਹੇ ਅੱਤਵਾਦੀਆਂ ਨੂੰ ਸ਼ਰਨ ਦੇ ਰਿਹਾ ਹੈ ਜੋ ਅਮਰੀਕਾ ਦੇ ਜਵਾਨਾਂ ਦੇ ਕਤਲ ਕਰ ਰਹੇ ਹਨ।

ਦੱਸਣਯੋਗ ਹੈ ਕਿ ਇਸ ਸਾਲ ਦੇ ਅਖੀਰ ਵਿੱਚ ਅਮਰੀਕਾ ਦੇ ਰਾਜਦੂਤ ਵਜੋਂ ਨਿੱਕੀ ਹੈਲੀ ਦਾ ਕਾਰਜਕਾਲ ਖ਼ਤਮ ਹੋ ਜਾਏਗਾ ਤੇ ਹੀਥਰ ਨੋਰਟ ਉਸ ਦੀ ਥਾਂ ਲਏਗੀ। ਹੀਥਰ ਨੋਰਟ ਅਮਰੀਕਾ ਦੇ ਵੱਡੇ ਮੀਡੀਆ ਹਾਊਸ ਫੋਕਸ ਦੀ ਸਾਬਕਾ ਪੱਤਰਕਾਰ ਹੋਣ ਤੋਂ ਇਲਾਵਾ ਰਾਜ ਵਿਭਾਗ ਦੀ ਮੁੱਖ ਬੁਲਾਰਾ ਹੈ। ਟਰੰਪ ਨੇ ਪਿਛਲੇ ਹਫਤੇ ਹੀ ਨੋਰਟ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਹੈ।