ਦੁਬਈ: ਭਾਰਤੀ ਮੂਲ ਦੇ 36 ਸਾਲਾ ਹਾਸਰਸ ਕਲਾਕਾਰ ਦੀ ਉਸ ਦੇ ਪ੍ਰੋਗਰਾਮ ਦੌਰਾਨ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੰਜੂਨਾਥ ਨਾਇਡੂ ਵਜੋਂ ਹੋਈ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦ ਉਸ ਦੀ ਮੌਤ ਹੋ ਰਹੀ ਸੀ ਤਾਂ ਲੋਕ ਸਮਝ ਰਹੇ ਸਨ ਕਿ ਇਹ ਕਲਾਕਾਰ ਦੀ ਪੇਸ਼ਕਾਰੀ ਦਾ ਹੀ ਹਿੱਸਾ ਹੈ।


ਸ਼ੁੱਕਰਵਾਰ ਨੂੰ ਜਦ ਨਾਇਡੂ ਆਪਣਾ ਪ੍ਰੋਗਰਾਮ ਪੇਸ਼ ਕਰ ਰਿਹਾ ਸੀ ਤਾਂ ਇਸੇ ਦੌਰਾਨ ਉਹ ਬੇਹੋਸ਼ ਹੋ ਕੇ ਫਰਸ਼ 'ਤੇ ਡਿੱਗ ਪਿਆ। ਲੋਕ ਸੋਚ ਰਹੇ ਸਨ ਉਹ ਆਪਣੀ ਕਲਾ ਦੀ ਪੇਸ਼ਕਾਰੀ ਕਰ ਰਿਹਾ ਹੈ, ਪਰ ਉਸ ਨੂੰ ਦੌਰਾ ਪੈ ਗਿਆ ਸੀ। ਜਦ ਨਾਇਡੂ ਨਾ ਉੱਠਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਮੰਜੂਨਾਥ ਆਬੂਧਾਬੀ ਦਾ ਜੰਮਪਲ ਸੀ ਪਰ ਬਾਅਦ ਵਿੱਚ ਉਹ ਦੁਬਈ ਵੱਸ ਗਿਆ ਸੀ। ਨਾਇਡੂ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਕੋਈ ਹੋਰ ਰਿਸ਼ਤੇਦਾਰ ਇੱਥੇ ਨਹੀਂ ਰਹਿੰਦਾ। ਉਸ ਦੇ ਸਾਥੀ ਕਲਾਕਾਰ ਨੇ ਦੱਸਿਆ ਕਿ ਕਾਮੇਡੀ ਕਲਾਕਾਰ ਹੀ ਉਸ ਦਾ ਪਰਿਵਾਰ ਸੀ।