ਤਹਿਰਾਨ: ਇਰਾਨੀ ਫੌਜ ਦੀ ਵਿਸ਼ੇਸ਼ ਟੁਕੜੀ 'ਰਿਵੋਲਿਊਸ਼ਨਰੀ ਗਾਰਡਜ਼' ਨੇ ਹੋਰਮੁਜ਼ ਦੀ ਖਾੜੀ ਤੋਂ ਬ੍ਰਿਟੇਨ ਦੇ ਤੇਲ ਦੀ ਟੈਂਕਰ ਨੂੰ ਜ਼ਬਤ ਕਰ ਲਿਆ। ਇਸ 'ਤੇ ਬ੍ਰਿਟੇਨ, ਅਮਰੀਕਾ ਤੇ ਨਾਟੋ ਦੇਸ਼ਾਂ ਨੇ ਈਰਾਨ ਨੂੰ ਟੈਂਕਰ ਛੱਡਣ ਲਈ ਕਿਹਾ ਪਰ ਤਹਿਰਾਨ ਨੇ ਸਾਰੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ।

ਐਤਵਾਰ ਨੂੰ ਰਿਵੋਲਿਊਸ਼ਨਰੀ ਗਾਰਡਜ਼ ਨੇ ਟੈਂਕਰ 'ਸਟੈਨਾ ਇਮਪੈਰੋ' ਨੂੰ ਜ਼ਬਤ ਕਰਨ ਦੀ ਵੀਡੀਓ ਵੀ ਜਾਰੀ ਕੀਤੀ। ਇਸ ਵਿੱਚ ਦਿਖਾਇਆ ਗਿਆ ਹੈ ਕਿ ਗਾਰਡਜ਼ ਨੇ ਕਿਸ ਤਰ੍ਹਾਂ ਬ੍ਰਿਟਿਸ਼ ਜਹਾਜ਼ ਨੂੰ ਆਲੇ-ਦੁਆਲਿਓਂ ਘੇਰਾ ਪਾ ਲਿਆ ਤੇ ਉਸ 'ਤੇ ਕਬਜ਼ਾ ਕਰ ਲਿਆ।


ਇਸ ਮਾਮਲੇ ਬਾਰੇ ਇਰਾਨ ਵੱਲੋਂ ਕਿਹਾ ਗਿਆ ਹੈ ਕਿ ਸਟੇਨਾ ਇਮਪੈਰੋ ਨੇ ਕੌਮਾਂਤਰਾ ਕਾਨੂੰਨ ਦੀ ਉਲੰਘਣਾ ਕੀਤੀ ਸੀ। ਵੀਡੀਓ ਵਿੱਚ ਇਰਾਨੀ ਫੌਜ ਨੂੰ ਬਲੈਕ ਮਾਸਕ ਵਿੱਚ ਹੈਲੀਕਾਪਟਰ ਤੋਂ ਟੈਂਕਰ 'ਤੇ ਉੱਤਰਦਿਆਂ ਤੇ ਉਸ 'ਤੇ ਕਬਜ਼ਾ ਕਰਦਿਆਂ ਦਿਖਾਇਆ ਗਿਆ ਹੈ। ਵੀਡੀਓ ਵਿੱਚ ਕਰੀਬ ਚਾਰ ਬੇੜੀਆਂ ਨੂੰ ਟੈਂਕਰ ਨੂੰ ਘੇਰਾ ਪਾਉਂਦਿਆਂ ਵੀ ਵੇਖਿਆ ਜਾ ਸਕਦਾ ਹੈ।

ਦੱਸਿਆ ਗਿਆ ਹੈ ਕਿ ਵੀਡੀਓ ਨੂੰ ਦੋ ਕੈਮਰਿਆਂ ਤੋਂ ਛੂਟ ਕੀਤਾ ਗਿਆ। ਇੱਕ ਕੈਮਰਾ ਸਪੀਡ ਬੋਟ 'ਤੇ ਸੀ ਤੇ ਦੂਜਾ ਹੈਲੀਕਾਪਟਰ 'ਤੇ ਲੱਗਾ ਸੀ। ਟੈਂਕਰ ਵਿੱਚ ਕੁੱਲ 23 ਕਰੂ ਮੈਂਬਰ ਸਨ। ਇਨ੍ਹਾਂ ਵਿੱਚ 18 ਭਾਰਤੀਆਂ ਤੋਂ ਇਲਾਵਾ ਰੂਸ, ਲਾਤਵਿਆ ਤੇ ਫਿਲੀਪੀਨਜ਼ ਦੇ ਨਾਗਰਿਕ ਵੀ ਸ਼ਾਮਲ ਸਨ।

ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਬ੍ਰਿਟਿਸ਼ ਰੌਇਲ ਮਰੀਨ ਨੇ ਯੂਰੋਪੀਅਨ ਕਾਨੂੰਨ ਤੋੜਨ ਲਈ ਇਰਾਨ ਦੇ ਇੱਕ ਟੈਂਕਰ 'ਗ੍ਰੇਸ' ਨੂੰ ਜ਼ਿਬਰਾਲਟਰ ਤੋਂ ਜ਼ਬਤ ਕਰ ਲਿਆ ਸੀ। ਦੱਸਿਆ ਗਿਆ ਸੀ ਕਿ ਟੈਂਕਰ ਸੀਰੀਆ ਤੋਂ ਤੇਲ ਲੈ ਕੇ ਜਾ ਰਿਹਾ ਸੀ। ਇਸ ਦੇ ਬਾਅਦ ਇਰਾਨ ਨੇ ਵੀ ਬ੍ਰਿਟੇਨ ਨੂੰ ਉਸ ਦਾ ਤੇਲ ਟੈਂਕਰ ਜ਼ਬਤ ਕਰਨ ਦੀ ਧਮਕੀ ਦਿੱਤੀ ਸੀ।