ਨਵੀਂ ਦਿੱਲੀ: ਦੁਨੀਆ ਭਰ ’ਚ ਫੈਲ ਚੁੱਕੇ ਕੋਰੋਨਾ ਮਹਾਮਾਰੀ ਦਾ ਕਹਿਰ ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਭਿਆਨਕ ਰੂਪ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿੱਚ ਪਹਿਲੀ ਵਾਰ ਪਾਇਆ ਗਿਆ ਹੈ ਕਿ B. 1.617 ਨਾਂ ਦਾ ਕੋਰੋਨਾ ਵਾਇਰਸ ਵੇਰੀਐਂਟ ਦੱਖਣੀ ਏਸ਼ੀਆ ਦੇ 17 ਦੇਸ਼ਾਂ ਵਿੱਚ ਵੀ ਮਿਲ ਚੁੱਕਾ ਹੈ। ਹੁਣ ਇਹ ਚਰਚਾ ਹੋ ਰਹੀ ਹੈ ਕਿ ਦੱਖਣੀ ਏਸ਼ਿਆਈ ਦੇਸ਼ਾਂ ਵਿੱਚ ਫੈਲੇ ਕੋਰੋਨਾ ਵਾਇਰਸ ਦੀ ਇਹ ਕਿਸਮ ਕਿਤੇ ਭਾਰਤ ਤੋਂ ਤਾਂ ਨਹੀਂ ਪੁੱਜੀ। ਫ਼ਿਲਹਾਲ ਵਿਗਿਆਨੀ ਹਾਲੇ ਕਿਸੇ ਠੋਸ ਨਤੀਜੇ ’ਤੇ ਨਹੀਂ ਪੁੱਜ ਸਕੇ ਹਨ।


ਇੱਧਰ ਭਾਰਤ ਨੇ ਦੁਨੀਆ ਭਰ ਦੇ ਮੁਕਾਬਲੇ ਇਸ ਮਹੀਨੇ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਹਨ। ਇੰਨਾ ਜ਼ਿਆਦਾ ਕੇਸ ਲੋਡ ਕਾਰਨ ਦੇਸ਼ ਦੀਆਂ ਸਿਆਸੀ ਤੇ ਵਿੱਤੀ ਰਾਜਧਾਨੀਆਂ ਨਵੀਂ ਦਿੱਲੀ ਤੇ ਮੁੰਬਈ ਦੇ ਹਸਪਤਾਲਾਂ ਦੇ ਬਿਸਤਰੇ, ਮੈਡੀਕਲ ਆਕਸੀਜਨ ਤੇ ਦਵਾਈਆਂ ਦੀ ਭਾਰੀ ਕਮੀ ਨਾਲ ਜੂਝ ਰਹੀ ਹੈ।


ਇਸੇ ਲਈ ਖੋਜਕਾਰ ਹੁਣ ਇਹ ਪਤਾ ਲਾ ਰਹੇ ਹਨ ਕਿ ਆਖ਼ਰ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਇਹ ਅਣਕਿਆਸਾ ਉਛਾਲ ਕਿਉਂ ਆਇਆ ਤੇ ਕੀ ਭਾਰਤ ’ਚ ਪਹਿਲੀ ਵਾਰ ਮਿਲਣ ਵਾਲੇ ਕੋਰੋਨਾ ਵਾਇਰਸ ਦੇ ਵਿਸ਼ੇਸ਼ ਵੇਰੀਐਂਟ ਨੂੰ ਇਸ ਲਈ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ। ਵਿਸ਼ਵ ਪੱਧਰ ਉੱਤੇ ਭਾਰਤ ’ਚ ਮਿਲੇ ਕੋਰੋਨਾ ਵਾਇਰਸ ਵੇਰੀਐਂਟ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।


ਕੀ ਹੈ B.1.617 ਵੇਰੀਐਂਟ?


ਸੀਨੀਅਰ ਭਾਰਤੀ ਵਾਇਰੌਲੋਜਿਸਟ ਸ਼ਾਹਿਦ ਜਮੀਲ ਨੇ ਕਿਹਾ ਕਿ B.1.617 ਵੇਰੀਐਂਟ ਵਿੱਚ ਵਾਇਰਸ ਦੇ ਦੋ ਮੁੱਖ ਮਿਊਟੇਸ਼ਨ ਹਨ, ਜੋ ਮਨੁੱਖੀ ਕੋਸ਼ਿਕਾਵਾਂ ਨਾਲ ਜੁੜਦੇ ਹਨ। WHO ਨੇ ਵੀ ਕਿਹਾ ਕਿ B.1.617 ਵੇਰੀਐਂਟ ਵਿੱਚ ਅਜਿਹੇ ਮਿਊਟੈਂਟ ਹਨ, ਜੋ ਵਾਇਰਸ ਨੂੰ ਲਾਗ ਰਾਹੀਂ ਵਧੇਰੇ ਫੈਲਣ ਵਾਲਾ ਬਣਾਉਂਦੇ ਹਨ ਤੇ ਜੋ ਵੈਕਸੀਨ ਦੀ ਪ੍ਰਤੀਰੱਖਿਆ ਤੋਂ ਵੀ ਬਚ ਸਕਦੇ ਹਨ।


SARS-COV-2 ਦਾ B.1.617 ਵੇਰੀਐਂਟ, ਜਿਸ ਨੂੰ ਡਬਲ ਮਿਊਟੈਂਟ ਜਾਂ ਇੰਡੀਅਨ ਸਟ੍ਰੇਨ ਵੀ ਕਿਹਾ ਜਾਂਦਾ ਹੈ, ਇਹ ਮਹਾਰਾਸ਼ਟਰ ਤੇ ਦਿੱਲੀ ’ਚ ਵੱਡੇ ਪੱਧਰ ’ਤੇ ਮਿਲਿਆ ਹੈ। ਇਸੇ ਲਈ ਇੱਥੇ ਆਈ ਮਹਾਮਾਰੀ ਦੀ ਦੂਜੀ ਲਹਿਰ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।