ਮਹਿਤਾਬ-ਉਦ-ਦੀਨ
ਚੰਡੀਗੜ੍ਹ: ਅਲ-ਕਾਇਦਾ ਦੇ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਅਮਰੀਕਾ ਨੇ 10 ਸਾਲ ਪਹਿਲਾਂ ਪਾਕਿਸਤਾਨ ’ਚ ਇੱਕ ਅਮਰੀਕੀ ਆਪਰੇਸ਼ਨ ਦੌਰਾਨ ਮਾਰ ਮੁਕਾਇਆ ਗਿਆ ਸੀ ਪਰ ਬਹੁਤ ਘੱਟ ਲੋਕਾਂ ਨੂੰ ਇਹ ਜਾਣਕਾਰੀ ਹੈ ਕਿ ਦੁਨੀਆ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਨੂੰ ਢੇਰ ਕਰਨ ’ਚ ਇੱਕ ਪਾਕਿਸਤਾਨੀ ਨਾਗਰਿਕ ਡਾ. ਸ਼ਕੀਲ ਅਫ਼ਰੀਦੀ ਨੇ ਵੱਡੀ ਭੂਮਿਕਾ ਨਿਭਾਈ ਸੀ। ਪਾਕਿਸਤਾਨ ’ਚ ਹੁਣ ਉਨ੍ਹਾਂ ਨੂੰ ‘ਗ਼ੱਦਾਰ’ ਮੰਨਿਆ ਜਾਂਦਾ ਹੈ, ਜਦਕਿ ਅਮਰੀਕਾ ’ਚ ਉਨ੍ਹਾਂ ਦੀ ਸ਼ਲਾਘਾ ਇੱਕ ‘ਹੀਰੋ’ ਵਜੋਂ ਹੁੰਦੀ ਹੈ। ਇਸ ਵੇਲੇ ਡਾ. ਅਫ਼ਰੀਦੀ ਪਾਕਿਸਤਾਨ ਵਿੱਚ 33 ਸਾਲ ਕੈਦ ਦੀ ਸਜ਼ਾ ਕੱਟ ਰਹੇ ਹਨ।
ਅਮਰੀਕੀ ਨੇਵੀ ਵੱਲੋਂ ਅਲ ਕਾਇਦਾ ਮੁਖੀ ਨੂੰ ਮਾਰਿਆਂ ਇੱਕ ਦਹਾਕੇ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਡਾ. ਅਫ਼ਰੀਦੀ ਨੂੰ ਬਰੀ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ। ਦੱਸ ਦੇਈਏ ਕਿ ਡਾ. ਅਫ਼ਰੀਦੀ ਨੇ ਵੈਕਸੀਨੇਸ਼ਨ ਪ੍ਰੋਗਰਾਮ ਦੀ ਆੜ ਹੇਠ CIA ਨੂੰ ਓਸਾਮਾ ਬਿਨ ਲਾਦੇਨ ਦੀ ਬਿਲਕੁਲ ਸਹੀ ਜਾਣਕਾਰੀ ਮੁਹੱਈਆ ਕਰਵਾਈ ਸੀ। ਉਨ੍ਹਾਂ ਨੂੰ ਇਸ ਵੇਲੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਾਹੀਵਾਲ ਜੇਲ੍ਹ ਵਿੱਚ ਕੈਦ ਕਰ ਕੇ ਰੱਖਿਆ ਗਿਆ ਹੈ।
ਜੇਲ੍ਹ ’ਚ ਡਾ. ਅਫ਼ਰੀਦੀ ਨੂੰ ਕਿਸੇ ਨਾਲ ਵੀ ਗੱਲ ਨਹੀਂ ਕਰਨ ਦਿੱਤੀ ਜਾਂਦੀ। ਉਹ ਸਿਰਫ਼ ਆਪਣੀ ਕਾਨੂੰਨੀ ਟੀਮ ਤੇ ਪਰਿਵਾਰਕ ਮੈਂਬਰਾਂ ਨਾਲ ਹੀ ਇੱਕ ਹਫ਼ਤੇ ਵਿੱਚ ਦੋ ਵਾਰ ਗੱਲਬਾਤ ਕਰ ਸਕਦੇ ਹਨ। ਪਰਿਵਾਰ ਮੁਤਾਬਕ ਜੇਲ੍ਹ ’ਚ ਡਾ. ਅਫ਼ਰੀਦੀ ਰੋਜ਼ਾਨਾ ਕਸਰਤ ਕਰਦੇ ਹਨ। ਉਨ੍ਹਾਂ ਕੋਲ ਕੁਰਆਨ ਸ਼ਰੀਫ਼ ਹੈ, ਜਿਸ ਨੂੰ ਉਹ ਰੋਜ਼ ਪੜ੍ਹਦੇ ਹਨ। ਇਸ ਤੋਂ ਇਲਾਵਾ ਹੋਰ ਕੋਈ ਵੀ ਕਿਤਾਬ ਉਨ੍ਹਾਂ ਨੂੰ ਦਿੱਤੀ ਜਾਂਦੀ। ਗਾਰਡਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਦਾੜ੍ਹੀ ਤੇ ਵਾਲ ਕੱਟੇ ਜਾਂਦੇ ਹਨ।
ਡਾ. ਅਫ਼ਰੀਦੀ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ’ਚ ਰਹਿੰਦੇ ਰਹੇ ਹਨ। ਪਾਕਿਸਤਾਨੀ ਏਜੰਸੀ CIA ਨੂੰ ਉਹ ਬਿਹਤਰ ਵਿਅਕਤੀ ਜਾਪੇ, ਜੋ ਐਬਟਾਬਾਦ ’ਚ ਲਾਦੇਨ ਦੇ ਟਿਕਾਣੇ ਦੀ ਵਧੀਆ ਜਾਸੂਸੀ ਕਰ ਸਕਦੇ ਸਨ। CIA ਨੂੰ ਓਸਾਮਾ ਦੇ ਉੱਥੇ ਮੌਜੂਦ ਹੋਣ ਦੇ ਸਬੂਤ ਚਾਹੀਦੇ ਸਨ। ‘ਟੀਵੀ 9’ ਦੀ ਰਿਪੋਰਟ ਮੁਤਾਬਕ ਇੰਝ CIA ਨੇ ਡਾ. ਅਫ਼ਰੀਦੀ ਰਾਹੀਂ ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕਰਵਾਈ, ਤਾਂ ਜੋ ਓਸਾਮਾ ਦੇ ਟਿਕਾਣੇ ਤੋਂ ਉਸ ਦੇ DNA ਸੈਂਪਲ ਲਏ ਜਾ ਸਕਣ। ਪਾਕਿਸਤਾਨੀ ਅਧਿਕਾਰੀਆਂ ਨੇ ਓਸਾਮਾ ਦੇ ਮਾਰੇ ਜਾਣ ਦੇ ਕੁਝ ਹਫ਼ਤਿਆਂ ਬਾਅਦ ਹੀ ਡਾ. ਅਫ਼ਰੀਦੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪਾਕਿਸਤਾਨ ਦੇ ਬੁਜ਼ਦਿਲ ਅਧਿਕਾਰੀਆਂ ਨੇ ਡਾ. ਅਫ਼ਰੀਦੀ ਉੱਤੇ ਓਸਾਮਾ ਬਿਨ ਲਾਦੇਨ ਨਾਲ ਜੁੜੇ ਮਾਮਲੇ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ। ਦਰਅਸਲ, ਇੱਕ ਆਦਿਵਾਸੀ ਅਦਾਲਤ ਨੇ ਇੱਕ ਅੰਗਰੇਜ਼ਾਂ ਵੇਲੇ ਦੇ ਕਾਨੂੰਨ ਅਧੀਨ ਡਾ. ਅਫ਼ਰੀਦੀ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਇੱਕ ਬਾਗ਼ੀ ਗਰੁੱਪ ਨੂੰ ਪੈਸੇ ਮੁਹੱਈਆ ਕਰਵਾਏ ਹਨ। ਅਮਰੀਕਾ ਨੇ ਕੈਦੀਆਂ ਦੇ ਬਦਲੇ ਡਾ. ਸ਼ਕੀਲ ਅਫ਼ਰੀਦੀ ਨੂੰ ਅਮਰੀਕਾ ਲਿਆਉਣ ਦਾ ਜਤਨ ਕੀਤਾ ਪਰ ਇਹ ਸੌਦਾ ਕਦੇ ਨਹੀਂ ਹੋ ਸਕਿਆ।