ਰਿਆਧ: ਸਾਉਦੀ ਅਰਬ ਵਿੱਚ ਰੋਜ਼ੀ ਰੋਟੀ ਲਈ ਗਏ ਭਾਰਤੀ ਦੀ ਦਰਦਨਾਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਭਾਰਤੀਆਂ ਨੇ ਆਪਣੇ ਦਰਦ ਬਿਆਨ ਕਰਦੇ ਹੋਏ ਆਖਿਆ ਹੈ ਕਿ ਕੰਪਨੀ ਨੇ ਉਨ੍ਹਾਂ ਨੂੰ 16 ਮਹੀਨੇ ਤੋਂ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਵੀਡੀਓ ਵਿੱਚ ਜ਼ਿਆਦਾਤਰ ਨੌਜਵਾਨ ਪੰਜਾਬੀ ਹਨ।



ਵੀਡੀਓ ਭੇਜਣ ਵਾਲੇ ਨੌਜਵਾਨ ਸ਼ਿੰਗਾਰਾ ਰਾਮ ਨੇ ਦੱਸਿਆ ਕਿ ਕੰਪਨੀ ਨੇ ਪਿਛਲੇ ਡੇਢ ਸਾਲ ਤੋਂ ਆਪਣਾ ਕੰਮ ਬੰਦ ਰੱਖਿਆ ਹੋਇਆ ਹੈ। ਜਿਸ ਕਾਰਨ ਉਨ੍ਹਾਂ ਨੂੰ ਤਨਖ਼ਾਹ ਮਿਲਣੀ ਵੀ ਬੰਦ ਹੋ ਗਈ। ਹਾਲਤ ਇਹ ਹੈ ਕਿ ਉਨ੍ਹਾਂ ਕੋਲ ਰੋਟੀ ਲਈ ਵੀ ਪੈਸੇ ਨਹੀਂ ਹਨ। ਅਹਿਮ ਗੱਲ ਇਹ ਵੀ ਹੈ ਕਿ ਇਨ੍ਹਾਂ ਦੇ ਪਾਸਪੋਰਟ ਵੀ ਕੰਪਨੀ ਨੇ ਆਪਣੇ ਕੋਲ ਰੱਖੇ ਹੋਏ ਹਨ ਜਿਸ ਕਾਰਨ ਇਹ ਦੇਸ਼ ਵੀ ਨਹੀਂ ਪਰਤ ਰਹੇ। ਨੌਜਵਾਨਾਂ ਨੇ ਵੀਡੀਓ ਰਾਹੀਂ ਦੋਸ਼ ਲਾਇਆ ਹੈ ਕਿ ਸਾਉਦੀ ਅਰਬ ਸਥਿਤ ਐਬੰਸੀ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਹੀ।



ਸਿੰਗਰਾ ਰਾਮ ਅਨੁਸਾਰ ਉਹ ਦੁਬਈ ਦੀ ਕਿੰਗ ਅਬਦੁੱਲਾ ਸਪੋਰਟਸ ਸਿਟੀ ਪ੍ਰੋਜੈਕਟ ਵਿੱਚ ਕੰਮ ਕਰਦੇ ਸਨ ਇਸ ਤੋਂ ਬਾਅਦ ਕੰਪਨੀ ਨੇ ਉਨ੍ਹਾਂ ਨੂੰ ਕੰਮ ਲਈ ਸਾਉਦੀ ਅਰਬ ਭੇਜ ਦਿੱਤਾ। ਪਰ ਇੱਥੇ ਆ ਕੇ ਉਨ੍ਹਾਂ ਦੀ ਸਥਿਤੀ ਖ਼ਰਾਬ ਹੋ ਗਈ ਹੈ। ਦੂਜੇ ਪਾਸੇ ਇਸ ਵੀਡੀਓ ਤੋਂ ਬਾਅਦ ਸਿੰਗਰਾ ਰਾਮ ਦੇ ਘਰ ਵਾਲੇ ਫ਼ਿਕਰ ਵਿੱਚ ਹਨ। ਸਿੰਗਰਾ ਰਾਮ ਦੀ ਪਤਨੀ ਕਮਲੇਸ਼ ਕੌਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਅਪੀਲ ਕੀਤੀ ਹੈ।