ਮਨੀਲਾ: ਦੇਸ਼ ਨੂੰ ਡਰੱਗਜ਼ ਮੁਕਤ ਕਰਨ ਦਾ ਐਲਾਨ ਕਰਨ ਵਾਲੇ ਫਿਲੀਪੀਨਸ ਦੇ ਰਾਸ਼ਟਰਪਤੀ ਰੇਡ੍ਰਿਗੋ ਦੁਤੇਤਰੋ ਬਾਰੇ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਰਾਸ਼ਟਰਪਤੀ ਦੇ ਡਰੱਗਜ਼ ਦਸਤੇ ਵਿੱਚ ਸ਼ਾਮਲ ਰਹੇ ਅਡਗਰ ਮਾਟੋਬਾਟੋ ਅਨੁਸਾਰ ਰੇਡ੍ਰਿਗੋ ਨੇ ਮੇਅਰ ਬਣਨ ਲਈ ਚਾਰ ਰਾਜਨੀਤਕ ਵਿਰੋਧੀਆਂ ਦੀ ਹੱਤਿਆ ਕਰਵਾਈ ਸੀ। ਇਨ੍ਹਾਂ ਵਿੱਚੋਂ ਰੇਡ੍ਰਿਗੋ ਦਾ ਰਾਜਨੀਤਕ ਵਿਰੋਧੀ ਪ੍ਰੋਸਪੇਰੋ ਨਾਗਲਸ ਵੀ ਸ਼ਾਮਲ ਸੀ।
ਮਾਟੋਬਾਟੋ ਦਾ ਦਾਅਵਾ ਹੈ ਕਿ 1998 ਤੋਂ 2013 ਵਿਚਕਾਰ ਅਸੀਂ ਕਰੀਬ ਇੱਕ ਹਜ਼ਾਰ ਲੋਕਾਂ ਨੂੰ ਖ਼ਤਮ ਕੀਤਾ। ਮਾਟੋਬਾਟੋ ਦਾ ਦਾਅਵਾ ਹੈ ਕਿ ਰਾਸ਼ਟਰਪਤੀ ਇੰਨਾ ਜ਼ਿਆਦਾ ਜ਼ਾਲਮ ਹੈ ਕਿ ਉਸ ਨੇ ਇੱਕ ਵਿਅਕਤੀ ਨੂੰ ਮਗਰਮੱਛ ਦੇ ਸਾਹਮਣੇ ਸੁੱਟ ਦਿੱਤਾ ਸੀ। ਮੌਜੂਦਾ ਰਾਸ਼ਟਰਪਤੀ ਡਰੱਗਜ਼ ਨੂੰ ਖ਼ਤਮ ਕਰਨ ਦੇ ਨਾਮ ਉੱਤੇ ਹੁਣ ਤੱਕ ਇੱਕ ਹਜ਼ਾਰ ਲੋਕਾਂ ਨੂੰ ਮਾਰ ਚੁੱਕਾ ਹੈ। ਮਾਟੋਬਾਟੋ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਚੁਣ-ਚੁਣ ਕੇ ਮਾਰਿਆ ਹੈ।
ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਸੀ ਜਦੋਂ ਸ਼ਹਿਰ ਦੇ ਗਿਰਜਾਘਰ ਵਿੱਚ ਧਮਾਕੇ ਹੋਏ ਸਨ ਤਾਂ ਮੇਅਰ ਰੇਡ੍ਰਿਗੋ ਨੇ ਮੁਸਲਮਾਨਾਂ ਨੂੰ ਮਸਜਿਦਾਂ ਵਿੱਚ ਵੜ ਕੇ ਮਾਰਨ ਦਾ ਆਦੇਸ਼ ਦਿੱਤਾ ਸੀ। ਰੇਡ੍ਰਿਗੋ ਤੋਂ ਦਸਤੇ ਤੋਂ ਮਾਟੋਬਾਟੋ ਉਸ ਸਮੇਂ ਬਾਹਰ ਹੋ ਗਿਆ ਸੀ ਜਦੋਂ ਉਸ ਉੱਤੇ 2009 ਵਿੱਚ ਕੁੱਝ ਲੋਕਾਂ ਦੀ ਹੱਤਿਆ ਦੋਸ਼ ਲੱਗਾ ਸੀ। ਇਸ ਸਮੇਂ ਉਹ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਮਾਟੋਬਾਟੋ ਅਨੁਸਾਰ ਸਾਡੇ ਦਸਤੇ ਦਾ ਕੰਮ ਅਪਰਾਧੀਆਂ, ਚੋਰਾਂ ਤੇ ਲੁਟੇਰਿਆਂ ਨੂੰ ਰੋਜ਼ਾਨਾ ਮੌਤ ਦੇ ਘਾਟ ਉੱਤਰਨਾ ਸੀ।