ਜਕਾਰਤਾ: ਇੰਡੋਨੇਸ਼ੀਆਈ ਅਧਿਕਾਰੀਆਂ ਮੁਤਾਬਕ ਸੁੰਦਾ ਖਾੜੀ ਵਿੱਚ ਜਵਾਲਾਮੁਖੀ ਤੋਂ ਬਾਅਦ ਆਈ ਸੁਨਾਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 430 ਹੋ ਗਈ ਹੈ ਜਦਕਿ 22 ਹਜ਼ਾਰ ਲੋਕ ਬੇਘਰ ਹੋ ਗਏ ਹਨ। ਇੰਡੋਨੇਸ਼ੀਆਈ ਕੌਮੀ ਆਫ਼ਤ ਪ੍ਰਬੰਧਨ ਬੋਰਡ (ਬੀਐਨਪੀਬੀ) ਦੇ ਬੁਲਾਰੇ ਸੁਤੋਪੋ ਪੁਰਵੋ ਨੁਗਰੋਹੋ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਆਈ ਕੁਦਰਤੀ ਆਫ਼ਤ ਕਾਰਨ ਲਾਪਤਾ ਲੋਕਾਂ ਦੀ ਗਿਣਤੀ ਵੀ ਵਧ ਕੇ 159 ਹੋ ਗਈ ਹੈ ਜਦਕਿ 1,495 ਲੋਕ ਜ਼ਖ਼ਮੀ ਹੋਏ ਹਨ।
ਸੁਤੋਪੋ ਮੁਤਾਬਕ ਜਾਵਾ ਦੀਪ ਦੇ ਪੱਛਮੀ ਤਟ ’ਤੇ ਗੰਭੀਰ ਪ੍ਰਭਾਵਿਤ ਪਾਂਡੇਗਲਾਂਗ ਵਿੱਚ 290 ਜਣਿਆਂ ਦਾ ਮੌਤ ਹੋਈ ਤੇ 1,143 ਲੋਕ ਜ਼ਖ਼ਮੀ ਹੋਏ। ਇੱਥੋਂ ਦੇ 77 ਲੋਕ ਲਾਪਤਾ ਹਨ। ਇਸ ਦੇ ਇਲਾਵਾ ਸੁਨਾਮੀ ਨਾਲ 17,477 ਲੋਕ ਪ੍ਰਭਾਵਿਤ ਹੋਏ ਹਨ। ਸੁੰਦਾ ਸਟ੍ਰੇਟ ’ਤੇ ਐਨਾਕ ਕ੍ਰਾਕਾਟੋਓ ਜਵਾਲਾਮੁਖੀ ਵਿੱਚ ਵਿਸਫੋਟ ਦੇ ਬਾਅਦ ਆਈ ਸੁਨਾਮੀ ਨੇ ਇੰਡੋਨੇਸ਼ੀਆ ਦੇ ਜਾਵਾ ਤੇ ਸੁਮਾਤਰਾ ਦੀਪ ਵਿੱਚ ਸ਼ਨੀਵਾਰ ਦੇਰ ਰਾਤ ਤਬਾਹੀ ਮਚਾ ਦਿੱਤੀ। ਇਸ ਤੋਂ ਪਹਿਲਾਂ ਕੋਈ ਚੇਤਾਵਨੀ ਵੀ ਜਾਰੀ ਨਹੀਂ ਕੀਤੀ ਗਈ ਸੀ। ਸਭ ਕੁਝ ਅਚਾਨਕ ਹੋ ਗਿਆ।
ਸਮਾਚਾਰ ਏਜੰਸੀ ਏਕੇ ਦੀ ਰਿਪੋਰਟ ਮੁਤਾਬਕ ਪੱਛਮੀ ਤੱਟ ਤੇ ਸੁਮਾਤਰਾ ਦੀਪ ਦੇ ਦੱਖਣੀ ਹਿੱਸਿਆਂ ਵਿੱਚ ਖਰਾਬ ਮੌਸਮ ਸਥਿਤੀ ਨਾਲ ਮਨੁੱਖੀ ਸਹਾਇਤਾ ਤੇ ਬਚਾਅ ਦਲਾਂ ਲਈ ਹਾਲਾਤ ਮੁਸ਼ਕਲ ਹੁੰਦੇ ਜਾ ਰਹੇ ਹਨ। ਮੀਂਹ ਪੈਣ ਕਰਕੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ ਜਿਸ ਕਰਕੇ ਬਚਾਅ ਅਭਿਆਨ ਰੁਕੇ ਹੋਏ ਹਨ। ਇੰਡੋਨੇਸ਼ੀਆ ਦੇ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਕੇ ਲੋਕਾਂ ਨੂੰ ਤੱਟਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।