ਬੈਂਕਾਕ: ਥਾਈਲੈਂਡ ਦੀ ਸੰਸਦ ਵਿੱਚ ਮੈਡੀਕਲ ਤੇ ਖੋਜ ਦੇ ਇਸਤੇਮਾਲ ਲਈ ਭੰਗ ਦੀ ਵਰਤੋਂ ਨੂੰ ਮਨਜ਼ੂਰੀ ਦੇਣ ਲਈ ਬਿੱਲ ਪਾਸ ਕੀਤਾ ਗਿਆ ਹੈ। ਇਸ ਬਿੱਲ ਨਾਲ ਸਬੰਧਤ ਇੱਕ ਸੀਨੇਟਰ ਨੇ ਕਿਹਾ ਕਿ ਨਸ਼ੇ ਦੇ ਰੂਪ ਵਿੱਚ ਭੰਗ ਦੀ ਵਰਤੋਂ ਹਾਲੇ ਵੀ ਗ਼ੈਰ-ਕਾਨੂੰਨੀ ਹੈ। ਮੈਡੀਕਲ ਵਰਤੋਂ ਲਈ ਭੰਗ ਦੇ ਇਸਤੇਮਾਲ ਨੂੰ ਕਾਨੂੰਨੀ ਮਾਨਤਾ ਦੇਣ ਨੂੰ ਥਾਈਲੈਂਡ ਵਾਸੀ ਨਵੇਂ ਸਾਲ ਦਾ ਤੋਹਫਾ ਮੰਨ ਰਹੇ ਹਨ।
ਇਸ ਦੇ ਨਾਲ ਹੀ ਥਾਈਲੈਂਡ ਭੰਗ ਦਾ ਮੈਡੀਕਲ ਇਸਤੇਮਾਲ ਕਰਨ ਵਾਲਾ ਦੱਖਣ-ਪੂਰਬੀ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਹ ਖੇਤਰ ਨਸ਼ੀਲੇ ਪਦਾਰਥਾਂ ਲਈ ਸਖ਼ਤ ਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਦੇ ਖ਼ਿਲਾਫ਼ ਸਖਤ ਸਜ਼ਾ ਦੇਣ ਲਈ ਮਸ਼ਹੂਰ ਮੰਨਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਕੈਨੇਡਾ ਵਿੱਚ ਵੀ ਗਾਂਜੇ-ਭੰਗ ਦੇ ਨਸ਼ੇ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ। ਉਰੂਗਵੇ ਤੋਂ ਬਾਅਦ ਕੈਨੇਡਾ ਦੂਜਾ ਐਸਾ ਦੇਸ਼ ਬਣ ਗਿਆ ਹੈ ਜਿੱਥੇ ਭੰਗ ਰੱਖਣ ਤੇ ਇਸ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਗਈ ਹੈ।