ਬੀਜਿੰਗ: ਅਮਰੀਕਾ ਵਿੱਚ ਦਬਾਅ ਦਾ ਸਾਹਮਣਾ ਕਰ ਰਹੀ ਕੰਪਨੀ ਹੁਆਵੇ ਨੂੰ ਚੀਨੀ ਕੰਪਨੀਆਂ ਸਮਰਥਨ ਦੇ ਰਹੀਆਂ ਹਨ। ਚੀਨੀ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਹੁਆਵੇ ਡਿਵਾਈਸਿਸ ਖਰੀਦਣ ’ਤੇ ਭਾਰੀ ਛੋਟ ਦੇ ਰਹੀਆਂ ਹਨ ਤੇ ਨਾਲ ਹੀ ਉਨ੍ਹਾਂ ਨੂੰ ਆਈਫੋਨ ਵਰਤਣ ਤੋਂ ਵੀ ਵਰਜ ਰਹੀਆਂ ਹਨ। ਮੰਗਲਵਾਰ ਨੂੰ ਜਾਰੀ ‘ਨਿਕੇਈ ਏਸ਼ੀਅਨ ਰਿਵਿਊ’ ਦੀ ਰਿਪੋਰਟ ਮੁਤਾਬਕ ਇਹ ਕਦਮ ਕੈਨੇਡਾ ਵਿੱਚ ਹੁਆਵੇ ਦੇ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਝੇਊ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੁੱਕਿਆ ਗਿਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 20 ਤੋਂ ਜ਼ਿਆਦਾ ਚੀਨੀ ਕੰਪਨੀਆਂ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਹੈ ਕਿ ਉਹ ਦੂਜੇ ਹੁਆਵੇ ਉਤਪਾਦਾਂ ਦੀ ਵੀ ਖਰੀਦ ਵਧਾਉਣਗੇ। ਕੁਛ ਹੋਰ ਚੀਨੀ ਕੰਪਨੀਆਂ ਵੀ ਐਪਲ ਦੇ ਉਤਪਾਦਾਂ ਦੀ ਛੁੱਟੀ ਕਰ ਰਹੀਆਂ ਹਨ। ਕਈ ਚੀਨੀ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਹੁਆਵੇ ਦੇ ਸਮਾਰਟਫੋਨ ਖਰੀਦਣ ’ਤੇ 10 ਤੋਂ 20 ਫੀਸਦੀ ਤਕ ਛੋਟ ਦੇ ਰਹੀਆਂ ਹਨ ਜਦਕਿ ਕਈ ਕੰਪਨੀਆਂ ਪੂਰੀ ਕੀਮਤ ਦਾ ਭੁਗਤਾਨ ਕਰ ਰਹੀਆਂ ਹਨ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚੀਨੀ ਮੀਡੀਆ ਮੁਤਾਬਕ ਸ਼ੰਘਾਈ ਦੇ ਇੱਕ ਵਪਾਰ ਸੰਘ ਨੇ ਕਿਹਾ ਹੈ ਕਿ ਉਹ ਐਪਲ ਉਤਪਾਦ ਖਰੀਦਣ ਵਾਲਿਆਂ ਨੂੰ ਬਰਖ਼ਾਸਤ ਕਰ ਦੇਣਗੇ। ਚੀਨ ਦੀ ਇੱਕ ਅਦਾਲਤ ਨੇ ਦਸੰਬਰ ਵਿੱਚ ਕਵਾਲਕਾਮ ਦੇ ਸਮਰਥਨ ਵਿੱਚ ਫੈਸਲਾ ਸੁਣਾਉਂਦਿਆਂ ਜ਼ਿਆਦਾਤਰ ਮਾਡਲਾਂ ਦੇ ਆਯਾਤ ਤੇ ਵਿਕਰੀ ’ਤੇ ਰੋਕ ਲਾ ਦਿੱਤੀ ਹੈ। ਕਵਾਲਕਾਮ ਦਾ ਦਾਅਵਾ ਹੈ ਕਿ ਐਪਲ ਨੇ ਉਸ ਦੇ ਦੋ ਪੇਟੈਂਟ ਦੀ ਉਲੰਘਣਾ ਕੀਤੀ ਹੈ।