ਨਿਊਯਾਰਕ: ਭਾਰਤੀ ਮੂਲ ਦੇ ਅਮਰੀਕੀ ਸੈਨੇਟ ਉਮੀਦਵਾਰ 'ਤੇ ਵਿਰੋਧੀ ਉਮੀਦਵਾਰ ਦੇ ਸਮਰਥਕ ਵੱਲੋਂ ਨਸਲੀ ਹਮਲਾ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੋਰੇ ਹਮਲਾਵਰ ਨੇ ਮੈਸੇਚਿਊਸੈਟਸ ਦੇ ਟਾਊਨ ਹਾਲ 'ਚ ਸ਼ਿਵਾ ਅਯੱਦੁਰਾਏ ਨੂੰ ਧੱਕਾ ਮਾਰਿਆ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਏ।


ਹਮਲੇ ਦੀ ਵੀਡੀਓ ਵੀ ਆਈ ਹੈ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਸ਼ਿਵਾ ਟਾਊਨ ਹਾਲ ਦੇ ਬਾਹਰ ਲਾਊਡਸਪੀਕਰ ਵਿੱਚ ਬੋਲ ਰਹੇ ਸਨ। ਪੌਲ ਸੋਲੋਵੇਅ ਨੇ ਉਸੇ ਲਾਊਡ ਸਪੀਕਰ ਨੂੰ ਧੱਕਾ ਦੇ ਦਿੱਤਾ ਜਿਸ ਨਾਲ ਸ਼ਿਵਾ ਦੇ ਬੁੱਲ੍ਹ ਤੇ ਦੰਦ ਜ਼ਖ਼ਮੀ ਹੋ ਗਏ।


ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ 54 ਸਾਲਾ ਸ਼ਿਵਾ ਉੱਪਰ ਡੈਮੋਕ੍ਰੈਟਿਕ ਪਾਰਟੀ ਦੀ ਤਾਕਤਵਰ ਉਮੀਦਵਾਰ ਐਲੀਜ਼ਾਬੇਥ ਵਾਰੇਨ ਦੇ 74 ਸਾਲਾ ਸਮਰਥਕ ਪੌਲ ਸੋਲੋਵੇਅ ਨੇ ਪਿਛਲੇ ਹਫ਼ਤੇ ਹਮਲਾ ਕੀਤਾ। ਪੌਲ ਵੱਲੋਂ ਹਮਲੇ ਤੋਂ ਪਹਿਲਾਂ ਸ਼ਿਵਾ ਐਲੀਜ਼ਾਬੇਥ ਦੇ ਵਿਰੋਧ ਵਿੱਚ ਭਾਸ਼ਣ ਦੇ ਰਹੇ ਸਨ ਕਿ ਅਸੀਂ ਲੋੜੀਂਦੀ ਮਿਕਦਾਰ ਵਿੱਚ ਡਾਕਟਰ, ਇੰਜਨੀਅਰ ਬਣਾਉਣ ਵਿੱਸ ਸਫਲ ਨਹੀਂ ਹਾਂ, ਪਰ ਅਸੀਂ ਐਲੀਜ਼ਾਬੇਥ ਵਾਰੇਨ ਜਿਹੇ ਲੌਬਿੰਗ ਕਰਨ ਵਾਲੇ ਬਦਮਾਸ਼ ਵਕੀਲ ਜ਼ਰੂਰ ਪੈਦਾ ਕਰ ਲਏ ਹਨ।

ਸ਼ਿਵਾ ਪ੍ਰਸਿੱਧ ਵਿਗਿਆਨੀ ਹਨ ਤੇ ਉੱਘੇ ਆਲੋਚਕ ਵੀ ਹਨ। ਆਪਣੇ ਉੱਪਰ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਵਿਰੋਧੀ ਸੈਨੇਟਰ ਏਲੀਜ਼ਾਬੇਥ ਨੂੰ ਟਵੀਟ ਕੀਤਾ ਕਿ ਉਹ ਉਨ੍ਹਾਂ ਉੱਪਰ ਕੀਤੇ ਗਏ ਹਮਲੇ ਦੀ ਸਪੱਸ਼ਟ ਰੂਪ ਵਿੱਚ ਨਿੰਦਾ ਕਰਨ ਤੇ ਉਨ੍ਹਾਂ ਤੇ ਉਨ੍ਹਾਂ ਪਰਿਵਾਰ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ।