ਅੰਮ੍ਰਿਤਸਰ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕੌਮਾਂਤਰੀ ਨਗਰ ਕੀਰਤਨ ਬੜੇ ਖੁਸ਼ਨੁਮਾ ਮਾਹੌਲ ਵਿੱਚ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਇਆ। ਇਹ ਪਹਿਲੀ ਵਾਰ ਹੋਇਆ ਹੈ ਕਿ ਦੋਵਾਂ ਦੇਸ਼ਾਂ ਵਿੱਚ ਇਹੋ ਜਿਹੀ ਧਾਰਮਿਕ ਯਾਤਰਾ ਨੂੰ ਇਵੇਂ ਜਾਣ ਦੀ ਖੁੱਲ੍ਹ ਮਿਲੀ ਹੋਵੇ। ਅਜਿਹੇ ਵਿੱਚ ਮਾਹੌਲ ਦੇਖਣ ਲਾਇਕ ਸੀ।
ਨਗਰ ਕੀਰਤਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਸੇਵਾ ਨਿਭਾ ਰਹੇ ਸਨ। 1947 ਦੀ ਵੰਡ ਮਗਰੋਂ 72 ਸਾਲਾਂ ਦੌਰਾਨ ਇਹ ਪਹਿਲਾ ਇਤਿਹਾਸਕ ਇਤਫਾਕ ਸੀ ਜਦੋਂ ਪਾਕਿਸਤਾਨ ਤੋਂ ਆਰੰਭ ਹੋ ਕੇ ਕੋਈ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿਚ ਭਾਰਤ ਪੁੱਜਾ ਹੋਵੇ। ਇਸ ਮੌਕੇ ਪਾਕਿਸਤਾਨ ਓਕਾਫ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਖਾਂ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਸਰਕਾਰ ਵੱਲੋਂ ਵੱਡੀ ਪੱਧਰ ’ਤੇ ਸੰਗਤਾਂ ਨੂੰ ਵੀਜ਼ੇ ਦਿੱਤੇ ਜਾਣਗੇ।
ਪਾਕਿਸਤਾਨ ਸਥਿਤ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਨਾਲ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਦੇਸ਼ ਵੰਡ ਮਗਰੋਂ ਸ੍ਰੀ ਨਨਕਾਣਾ ਸਾਹਿਬ ਤੋਂ ਭਾਰਤ ਵਿਚਲੇ ਪੰਜ ਤਖ਼ਤਾਂ ਲਈ ਨਗਰ ਕੀਰਤਨ ਨਾਲ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੀ ਲੜੀ ਵਿਚ ਇਕ ਇਤਿਹਾਸਕ ਪੰਨਾ ਦਰਜ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਗੁਰੂ ਸਾਹਿਬ ਦੀ ਮਿਹਰ ਨਾਲ ਹੀ ਸੰਭਵ ਹੋਇਆ ਹੈ, ਯਤਨ ਭਾਵੇਂ ਹਰੇਕ ਨੇ ਕੀਤੇ ਹਨ। ਲੌਂਗੋਵਾਲ ਨੇ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਦਿਖਾਈ ਗਈ ਵਿਸ਼ੇਸ਼ ਰੁਚੀ ਨੂੰ ਵੀ ਸਲਾਹਿਆ ਅਤੇ ਅਜਿਹੇ ਸਹਿਯੋਗ ਦੀ ਅੱਗੋਂ ਲਈ ਵੀ ਆਸ ਪ੍ਰਗਟ ਕੀਤੀ।
ਭਾਈ ਲੌਂਗੋਵਾਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਮਗਰੋਂ ਸਿੱਖਾਂ ਨੂੰ ਦਿੱਤਾ ਗਿਆ ਇਹ ਦੂਸਰਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਇਸ ਨਗਰ ਕੀਰਤਨ ਦੀ ਪ੍ਰਸ਼ੰਸਾ ਹੋ ਰਹੀ ਹੈ ਅਤੇ ਇਸ ਨਾਲ ਪਿਆਰ, ਭਾਈਚਾਰਕ ਸਾਂਝ, ਸਦਭਾਵਨਾ, ਭਰਾਤਰੀ ਭਾਵ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ।
ਬਾਬੇ ਨਾਨਕ ਦੀ ਯਾਦ 'ਚ ਸਜਾਏ ਕੌਮਾਂਤਰੀ ਨਗਰ ਨੇ ਘਟਾਇਆ ਦਿੱਲੀ-ਲਾਹੌਰ ਦਾ ਫਾਸਲਾ..!
ਏਬੀਪੀ ਸਾਂਝਾ
Updated at:
01 Aug 2019 07:54 PM (IST)
ਪਾਕਿਸਤਾਨ ਓਕਾਫ ਬੋਰਡ ਦੇ ਸਕੱਤਰ ਤਾਰਿਕ ਵਜ਼ੀਰ ਖਾਂ ਨੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਸਮਾਗਮਾਂ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਸਰਕਾਰ ਵੱਲੋਂ ਵੱਡੀ ਪੱਧਰ ’ਤੇ ਸੰਗਤਾਂ ਨੂੰ ਵੀਜ਼ੇ ਦਿੱਤੇ ਜਾਣਗੇ।
- - - - - - - - - Advertisement - - - - - - - - -